ਮੁੰਬਈ/ਨਵੀਂ ਦਿੱਲੀ, 6 ਫਰਵਰੀ
ਪੀੜ੍ਹੀਆਂ ਤੱਕ ਦੱਖਣੀ ਏਸ਼ਿਆਈ ਖਿੱਤੇ ਦੇ ਲੋਕਾਂ ਦੇ ਮਨਾਂ ‘ਚ ਆਪਣੀ ਆਵਾਜ਼ ਰਾਹੀਂ ਵਿਲੱਖਣ ਥਾਂ ਬਣਾਉਣ ਵਾਲੀ ਅਤੇ ਭਾਰਤ ਦੀਆਂ ਸਭ ਤੋਂ ਮਹਾਨ ਸ਼ਖ਼ਸੀਅਤਾਂ ਵਿਚੋਂ ਇਕ ਮੰਨੀ ਜਾਂਦੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ ਦੇਹਾਂਤ ਹੋ ਗਿਆ। ਉਹ 92 ਵਰ੍ਹਿਆਂ ਦੇ ਸਨ। ਉਨ੍ਹਾਂ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖ਼ਰੀ ਸਾਹ ਲਏ। ਜ਼ਿਕਰਯੋਗ ਹੈ ਕਿ ਲਤਾ ਨੂੰ ਕਰੋਨਾ ਹੋ ਗਿਆ ਸੀ ਤੇ ਉਹ 8 ਜਨਵਰੀ ਤੋਂ ਹਸਪਤਾਲ ਦਾਖਲ ਸਨ। ਮਗਰੋਂ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਸੀ। ਗਾਇਕਾ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਅੱਜ ਸਵੇਰੇ ਹੋਈ। ਇੰਦੌਰ ਦੀ ਜੰਮਪਲ ਲਤਾ ਦੇ ਪਰਿਵਾਰ ਵਿਚ ਉਨ੍ਹਾਂ ਦੇ ਭੈਣ-ਭਰਾ- ਮੀਨਾ, ਆਸ਼ਾ, ਊਸ਼ਾ ਤੇ ਹਰਿਦੈਨਾਥ ਹਨ।
ਮੰਗੇਸ਼ਕਰ ‘ਭਾਰਤ ਦੀ ਕੋਇਲ’, ‘ਸੁਰਾਂ ਦੀ ਮਲਿਕਾ’ ਤੇ ‘ਲਤਾ ਦੀਦੀ’ ਜਿਹੇ ਕਈ ਨਾਵਾਂ ਨਾਲ ਮਸ਼ਹੂਰ ਹੋਈ। ਮੰਗੇਸ਼ਕਰ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਸਵੇਰੇ 8.12 ‘ਤੇ ਮੌਤ ਹੋਈ, ਮੌਤ ਦਾ ਕਾਰਨ ਸਰੀਰ ਦੇ ਕਈ ਅੰਗਾਂ ਦਾ ਕੰਮ ਕਰਨਾ ਬੰਦ ਹੋਣਾ ਦੱਸਿਆ ਗਿਆ ਹੈ। ਲਤਾ ਮੰਗੇਸ਼ਕਰ ਦੀ ਮੌਤ ‘ਤੇ ਕੇਂਦਰ ਸਰਕਾਰ ਨੇ ਦੋ ਦਿਨਾਂ ਦੇ ‘ਸਰਕਾਰੀ ਸੋਗ’ ਦਾ ਐਲਾਨ ਕੀਤਾ ਹੈ। ਲਤਾ ਮੰਗੇਸ਼ਕਰ ਨੇ ਆਪਣੇ 8 ਦਹਾਕਿਆਂ ਦੇ ਕਰੀਅਰ ਵਿਚ 36 ਭਾਰਤੀ ਭਾਸ਼ਾਵਾਂ ਵਿਚ ਕਰੀਬ 25,000 ਗੀਤ ਗਾਏ। ਭਾਰਤ ਦੇ ਸਭ ਤੋਂ ਮਹਾਨ ਪਿੱਠਵਰਤੀ ਗਾਇਕਾਂ ਵਿਚੋਂ ਇਕ ਲਤਾ ਮੰਗੇਸ਼ਕਰ ਨੂੰ ਕਈ ਫ਼ਿਲਮੀ ਸਨਮਾਨ ਤੇ ਕੌਮੀ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿਚ ‘ਭਾਰਤ ਰਤਨ’, ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹੇਬ ਫਾਲਕੇ ਐਵਾਰਡ ਤੇ ਕਈ ਕੌਮੀ ਫ਼ਿਲਮ ਪੁਰਸਕਾਰ ਸ਼ਾਮਲ ਹਨ। ਸਰਕਾਰੀ ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਸੁਨੇਹੇ ਭੇਜ ਕੇ ਪੂਰੇ ਭਾਰਤ ਵਿਚ 6 ਤੋਂ 7 ਫਰਵਰੀ ਤੱਕ ਕੌਮੀ ਝੰਡਾ ਅੱਧਾ ਝੁਕਾਉਣ ਲਈ ਕਿਹਾ ਹੈ। ਇਸ ਦੌਰਾਨ ਸਰਕਾਰੀ ਪੱਧਰ ਉਤੇ ਕੋਈ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ। ਮਹਾਰਾਸ਼ਟਰ ਸਰਕਾਰ ਨੇ ਵੀ ‘ਸੁਰਾਂ ਦੀ ਮਲਿਕਾ’ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਇਕ ਦਿਨ ਦੇ ਸੋਗ ਤੇ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।
ਗਾਇਕਾ ਦੀ ਦੇਹ ਨੂੰ ਅੱਜ ਪਹਿਲਾਂ ਉਨ੍ਹਾਂ ਦੀ ਪੈਡਰ ਮਾਰਗ ਸਥਿਤ ਰਿਹਾਇਸ਼ ‘ਪ੍ਰਭੂ ਕੁੰਜ’ ਲਿਜਾਇਆ ਗਿਆ ਤੇ ਮਗਰੋਂ ਸ਼ਿਵਾਜੀ ਪਾਰਕ ਵਿਚ ਰੱਖਿਆ ਗਿਆ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਗਾਇਕਾ ਦੀ ਆਖ਼ਰੀ ਝਲਕ ਦੇਖਣ ਲਈ ਜੁੜੇ ਹੋਏ ਸਨ। ਅੰਤਿਮ ਸੰਸਕਾਰ ਸ਼ਿਵਾਜੀ ਪਾਰਕ ਵਿਚ ਹੀ ਸ਼ਾਮ ਕਰੀਬ 6.30 ਵਜੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਮੁੰਬਈ ਪੁੱਜੇ। ਲਤਾ ਦੀ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਇਕ ਟਰੱਕ ਵਿਚ ਰੱਖ ਕੇ ਅੰਤਿਮ ਰਸਮਾਂ ਲਈ ਉਨ੍ਹਾਂ ਦੀ ਰਿਹਾਇਸ਼ ਤੋਂ ਦੱਖਣੀ ਮੁੰਬਈ ਦੇ ਦਾਦਰ ਸਥਿਤ ਸ਼ਿਵਾਜੀ ਪਾਰਕ ਲਿਜਾਇਆ ਗਿਆ। ਟਰੱਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਨਾਲ ਲਤਾ ਦੀ ਇਕ ਵੱਡੀ ਤਸਵੀਰ ਰੱਖੀ ਗਈ ਸੀ। ਇਸ ਮੌਕੇ ਵੱਡੀ ਗਿਣਤੀ ਲੋਕ ਸੜਕਾਂ ਉਤੇ ਇਕੱਠੇ ਹੋ ਗਏ। ਅੰਤਿਮ ਸੰਸਕਾਰ ਤੋਂ ਪਹਿਲਾਂ ਪੁਲੀਸ ਤੇ ਫ਼ੌਜ ਵੱਲੋਂ ਉਨ੍ਹਾਂ ਨੂੰ ਰਸਮੀ ਸਲੂਟ ਦਿੱਤਾ ਗਿਆ ਤੇ ਬੈਂਡ ਨੇ ਕੌਮੀ ਤਰਾਨਾ ਵਜਾਇਆ। ਲਤਾ ਦੇ ਪਰਿਵਾਰ ਦੇ ਕੁਝ ਮੈਂਬਰ ਜਿਨ੍ਹਾਂ ਵਿਚ ਭੈਣ ਤੇ ਗਾਇਕਾ ਆਸ਼ਾ ਭੌਂਸਲੇ ਵੀ ਸ਼ਾਮਲ ਸਨ, ਟਰੱਕ ਵਿਚ ਸਵਾਰ ਸਨ। ਟਰੱਕ ਦੇ ਅੱਗੇ ਫ਼ੌਜ ਤੇ ਪੁਲੀਸ ਦੀਆਂ ਜੀਪਾਂ ਸਨ। ਲਤਾ ਦੇ ਛੋਟੇ ਭਰਾ ਹਰਿਦੈਨਾਥ ਨੇ ਚਿਖ਼ਾ ਨੂੰ ਅਗਨੀ ਦਿਖਾਈ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਵਾਰ, ਐਨਸੀਪੀ ਮੁਖੀ ਸ਼ਰਦ ਪਵਾਰ, ਅਦਾਕਾਰ ਸ਼ਾਹਰੁਖ਼ ਖਾਨ ਤੇ ਆਮਿਰ ਖਾਨ, ਕ੍ਰਿਕਟਰ ਸਚਿਨ ਤੇਂਦੁਲਕਰ ਤੇ ਐਮਐੱਨਐੱਸ ਮੁਖੀ ਰਾਜ ਠਾਕਰੇ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਲਤਾ ਦੀ ਦੇਹ ਅੱਗੇ ਝੁਕ ਕੇ ਫੁੱਲਮਾਲਾ ਭੇਟ ਕੀਤੀ। ਹਾਲਾਂਕਿ ਉਹ ਚਿਖ਼ਾ ਨੂੰ ਅਗਨੀ ਦਿਖਾਉਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ। -ਪੀਟੀਆਈ
ਲਤਾ ‘ਦੀਦੀ’ ਦੀ ਥਾਂ ਕੋਈ ਨਹੀਂ ਲੈ ਸਕੇਗਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਕੋਲ ਦੁੱਖ ਬਿਆਨਣ ਲਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ, ‘ਦਿਆਲਤਾ ਦੀ ਮੂਰਤ ਲਤਾ ਦੀਦੀ ਸਾਨੂੰ ਛੱਡ ਕੇ ਚਲੇ ਗਏ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਪਿਆ ਖੱਪਾ ਪੂਰਿਆ ਨਹੀਂ ਜਾ ਸਕੇਗਾ। ਆਉਣ ਵਾਲੀਆਂ ਪੀੜ੍ਹੀਆਂ ਲਤਾ ਜੀ ਨੂੰ ਭਾਰਤੀ ਸਭਿਆਚਾਰ ਦੀ ਨੁਮਾਇੰਦਗੀ ਕਰਨ ਵਾਲਿਆਂ ਵਿਚ ਯਾਦ ਕਰਨਗੀਆਂ।’ ਉਨ੍ਹਾਂ ਕਿਹਾ ਕਿ ਲਤਾ ‘ਦੀਦੀ’ ਦੇ ਗੀਤਾਂ ਵਿਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਸਨ। ਗਾਇਕਾ ਦਹਾਕਿਆਂ ਬੱਧੀ ਭਾਰਤੀ ਸਿਨੇਮਾ ਵਿਚ ਆਏ ਬਦਲਾਅ ਦੀ ਗਵਾਹ ਵੀ ਬਣੀ। ਉਹ ਹਮੇਸ਼ਾ ਭਾਰਤ ਦੇ ਵਿਕਾਸ ਦੀ ਗੱਲ ਕਰਦੇ ਰਹੇ, ਉਹ ਇਕ ਮਜ਼ਬੂਤ ਤੇ ਵਿਕਸਿਤ ਭਾਰਤ ਦੇਖਣਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮੈਂ ਸਨਮਾਨਤ ਮਹਿਸੂਸ ਕਰਦਾ ਹਾਂ ਕਿ ਮੈਨੂੰ ਲਤਾ ਦੀਦੀ ਤੋਂ ਬਹੁਤ ਪਿਆਰ ਮਿਲਿਆ।’ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਭੁਲਾਈਆਂ ਨਹੀਂ ਜਾ ਸਕਣਗੀਆਂ। ਮੋਦੀ ਨੇ ਲਤਾ ਦੇ ਪਰਿਵਾਰ ਨਾਲ ਫੋਨ ਉਤੇ ਗੱਲ ਕਰ ਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਲਤਾ ਜੀ ਵਰਗੀਆਂ ਰੂਹਾਂ ਸਦੀਆਂ ਵਿਚ ਇਕ ਵਾਰ ਹੀ ਹੁੰਦੀਆਂ ਹਨ। ਮੋਦੀ ਨੇ ਕਿਹਾ ਕਿ ਲਤਾ ਜੀ ਭਾਵੇਂ ਹੁਣ ਸਰੀਰਕ ਰੂਪ ਵਿਚ ਸਾਡੇ ਵਿਚ ਨਹੀਂ ਹਨ ਪਰ ਆਪਣੀ ਆਵਾਜ਼ ਤੇ ਸਨੇਹ ਰਾਹੀਂ ਉਹ ਹਮੇਸ਼ਾ ਸਾਡੇ ਵਿਚ ਬਣੇ ਰਹਿਣਗੇ।
ਲਤਾ ਦੇ ਗੀਤਾਂ ‘ਚ ਭਾਰਤ ਦੀ ਖ਼ੂਬਸੂਰਤੀ ਤੇ ਰੂਹ ਨਜ਼ਰ ਆਈ: ਕੋਵਿੰਦ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਗਾਇਕਾ ਦਾ ਵਿਛੜ ਜਾਣਾ ਦਿਲ ਤੋੜਨ ਵਾਲਾ ਹੈ। ਕਰੋੜਾਂ ਲੋਕਾਂ ਲਈ ਇਹ ਦੁਨੀਆ ਖ਼ਤਮ ਹੋਣ ਵਰਗਾ ਹੈ। ਉਨ੍ਹਾਂ ਆਪਣੇ ਹਜ਼ਾਰਾਂ ਗੀਤਾਂ ਵਿਚ ਭਾਰਤ ਦੀ ਖ਼ੂਬਸੂਰਤੀ ਤੇ ਰੂਹ ਨੂੰ ਬਿਆਨਿਆ ਹੈ। ‘ਭਾਰਤ ਰਤਨ’ ਲਤਾ ਮੰਗੇਸ਼ਕਰ ਦੀਆਂ ਪ੍ਰਾਪਤੀਆਂ ਦਾ ਕੋਈ ਮੁਕਾਬਲਾ ਨਹੀਂ ਹੈ।