ਮੁੰਬਈ, 28 ਮਈ
ਸੁਪਰ ਸਟਾਰ ਸ਼ਾਹਰੁਖ ਖਾਨ ਤੇ ਅਕਸ਼ੈ ਕੁਮਾਰ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ ਕੀਤਾ ਤੇ ਭਰੋਸਾ ਜ਼ਾਹਿਰ ਕੀਤਾ ਕਿ ਨਵਾਂ ਸੰਸਦ ਭਵਨ ਨਵੇਂ ਭਾਰਤ ‘ਚ ਯੋਗਦਾਨ ਪਾਵੇਗਾ ਅਤੇ ਦੇਸ਼ ਦੇ ਵਿਕਾਸ ਦੀ ਗਾਥਾ ਦਾ ਪ੍ਰਤੀਕ ਬਣੇਗਾ। ਪ੍ਰਧਾਨ ਮੰਤਰੀ ਨੇ ਵੀ ਦੋਵਾਂ ਅਦਾਕਾਰਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਹੈ।
ਸ਼ਾਹਰੁਖ ਖਾਨ (57) ਨੇ ਟਵੀਟ ਕੀਤਾ, ‘ਸਾਡੇ ਸੰਵਿਧਾਨ ਨੂੰ ਬਣਾਈ ਰੱਖਣ ਵਾਲੇ, ਇਸ ਮਹਾਨ ਰਾਸ਼ਟਰ ਦੇ ਹਰ ਨਾਗਰਿਕ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਉਸ ਦੇ ਹਰ ਵਿਅਕਤੀ ਦੀ ਵੰਨ ਸੁਵੰਨਤਾ ਦੀ ਰਾਖੀ ਕਰਨ ਵਾਲੇ ਲੋਕਾਂ ਲਈ ਕਿੰਨੀ ਸ਼ਾਨਦਾਰ ਨਵੀਂ ਇਮਾਰਤ ਹੈ, ਨਰਿੰਦਰ ਮੋਦੀ ਜੀ। ਭਾਰਤ ਦੇ ਸ਼ਾਨਾਮੱਤੇ ਸਾਲਾਂ ਪੁਰਾਣੇ ਸੁਫਨੇ ਨੂੰ ਪੂਰਾ ਕਰਦੇ ਹੋਏ ਨਵੇਂ ਭਾਰਤ ਲਈ ਨਵੀਂ ਸੰਸਦ। ਜੈ ਹਿੰਦ! ਮੇਰੀ ਸੰਸਦ, ਮੇਰਾ ਮਾਣ।’ ਇਸ ਤੋਂ ਪਹਿਲਾਂ ਅਦਾਕਾਰ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਆਪਣੀ ਆਵਾਜ਼ ਦਿੱਤੀ ਤੇ ਪਿਛੋਕੜ ‘ਚ ਉਸ ਦੀ ਫਿਲਮ ‘ਸਵਦੇਸ਼’ ਦਾ ਗੀਤ ‘ਯੇ ਜੋ ਦੇਸ਼ ਹੈ ਮੇਰਾ’ ਵੱਜ ਰਿਹਾ ਹੈ। ਸ਼ਾਹਰੁਖ ਨੇ ਕਿਹਾ, ‘ਮੇਰੀ ਦਿਲੋਂ ਪ੍ਰਾਰਥਨਾ ਹੈ ਕਿ ਲੋਕਤੰਤਰ ਦੀ ਆਤਮਾ ਆਪਣੇ ਨਵੇਂ ਘਰ ‘ਚ ਮਜ਼ਬੂਤ ਬਣੀ ਰਹੇ ਅਤੇ ਆਉਣ ਵਾਲੇ ਯੁਗਾਂ ਤੱਕ ਆਜ਼ਾਦੀ, ਭਾਈਚਾਰੇ ਤੇ ਬਰਾਬਰੀ ਨੂੰ ਉਤਸ਼ਾਹਿਤ ਕਰਦੀ ਰਹੇ। ਲੋਕਤੰਤਰ ਦਾ ਇਹ ਨਵਾਂ ਘਰ ਨਵੇਂ ਯੁਗ ਦਾ ਨਿਰਮਾਣ ਕਰੇ ਜੋ ਸਾਰਿਆਂ ਲਈ ਆਪਣੇ ਵਿਗਿਆਨਕ ਸੁਭਾਅ ਤੇ ਹਮਦਰਦੀ ਲਈ ਮਸ਼ਹੂਰ ਹੋਵੇ।’ ਉਨ੍ਹਾਂ ਲਿਖਿਆ, ‘ਇੱਕ ਨਵੇਂ ਭਾਰਤ ਲਈ ਇੱਕ ਨਵੀਂ ਸੰਸਦ ਪਰ ਉਸੇ ਪੁਰਾਣੇ ਸੁਫਨੇ ਦੇ ਨਾਲ, ‘ਭਾਰਤ ਦਾ ਗੁਣਗਾਣ, ਸਾਡੇ ਮੁਲਕ ਦਾ। ਜੈ ਹਿੰਦ!”
ਇਸੇ ਤਰ੍ਹਾਂ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਆਪਣੀ ਆਵਾਜ਼ ਵਾਲੀ ਵੀਡੀਓ ਟਵੀਟ ਕੀਤੀ ਹੈ। ਉਸ ਨੇ ਕਿਹਾ, ‘ਸੰਸਦ ਦੀ ਨਵੀਂ ਸ਼ਾਨਦਾਰ ਇਮਾਰਤ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ। ਉਮੀਦ ਕਰਦਾ ਹਾਂ ਕਿ ਇਹ ਭਾਰਤ ਦੇ ਵਿਕਾਸ ਦੀ ਕਹਾਣੀ ਦਾ ਸ਼ਾਨਦਾਰ ਪ੍ਰਤੀਕ ਬਣੇਗੀ।’ ਉਧਰ ਐੱਨਸੀਪੀ ਨੇ ਸਰਕਾਰ ‘ਤੇ ਤਨਜ਼ ਕਸਦਿਆਂ ਕਿਹਾ ਕਿ ਮਹਾਰਾਸ਼ਟਰ ‘ਚ ਭਾਜਪਾ ਦੇ ਆਗੂ ਹੁਣ ਸ਼ਾਹਰੁਖ ਖਾਨ ਦੀਆਂ ਫਿਲਮਾਂ ‘ਤੇ ਪਾਬੰਦੀ ਲਾਉਣ ਦੀ ਮੰਗ ਨਹੀਂ ਕਰਨਗੇ ਕਿਉਂਕਿ ਅਦਾਕਾਰ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤੇ ਜਾਣ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। -ਪੀਟੀਆਈ