ਆਬੂਧਾਬੀ: ਇਥੇ ਯਾਸ ਟਾਪੂ ‘ਤੇ ਹੋਣ ਵਾਲੇ ਆਇਫਾ ਐਵਾਰਡਜ਼-2023 ਦੇ ਆਗਾਜ਼ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ ਕਿਉਂਕਿ ਸਮੁੰਦਰ ਕੰਢੇ ਹੋਣ ਵਾਲੇ ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਸਿਨੇ ਜਗਤ ਦੀਆਂ ਹਸਤੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅੱਜ ਆਬੂਧਾਬੀ ਪਹੁੰਚ ਗਏ ਹਨ ਅਤੇ ਉਹ ਇਸ ਐਵਾਰਡ ਸ਼ੋਅ ਦੀ ਮੇਜ਼ਬਾਨੀ ਕਰਨਗੇ। ਆਈਫਾ ਦੀ ਟੀਮ ਨੇ ਏਅਰਪੋਰਟ ‘ਤੇ ਅਭਿਸ਼ੇਕ ਦਾ ਨਿੱਘਾ ਸਵਾਗਤ ਕੀਤਾ। ਇਸੇ ਦੌਰਾਨ ਫ਼ਿਲਮ ਨਿਰਮਾਤਾ ਫਰਹਾ ਖਾਨ ਅਤੇ ਅਦਾਕਾਰ ਰਾਜਕੁਮਾਰ ਰਾਓ ਵੀ ਆਬੂਧਾਬੀ ਪਹੁੰਚ ਚੁੱਕੇ ਹਨ ਅਤੇ ਉਹ ਆਇਫਾ ਰੌਕਸ ਦੀ ਮੇਜ਼ਬਾਨੀ ਕਰਨਗੇ। ਇਸ ਤੋਂ ਇਲਾਵਾ ਬਾਦਸ਼ਾਹ, ਅਦਾਕਾਰਾ ਨੋਰਾ ਫਤੇਹੀ ਅਤੇ ਰਕੁਲ ਪ੍ਰੀਤ ਸਿੰਘ ਵੀ ਇਥੇ ਪਹੁੰਚ ਚੁੱਕੇ ਹਨ ਅਤੇ ਉਹ ਆਪਣੀ ਪੇਸ਼ਕਾਰੀ ਨਾਲ ਰੰਗ ਬੰਨ੍ਹਣਗੇ। ਆਇਫਾ ਨੇ ਇੰਸਟਾਗ੍ਰਾਮ ਅਭਿਸ਼ੇਕ ਦੇ ਆਬੂ ਧਾਬੀ ਹਵਾਈ ਅੱਡੇ ‘ਤੇ ਪੁੱਜਣ ਮੌਕੇ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਅਭਿਸ਼ੇਕ ਨੇ ਪਿਛਲੇ ਸਾਲ ਵੀ ਆਇਫਾ ‘ਚ ਸ਼ਿਰਕਤ ਕੀਤੀ ਸੀ। ਮੁੱਖ ਪੁਰਸਕਾਰ ਸਮਾਗਮ ਤੋਂ ਪਹਿਲਾਂ ਆਇਫਾ ਰੌਕਸ ਭਾਰਤੀ ਸਿਨੇਮਾ ਦੇ ਸੰਗੀਤ ਅਤੇ ਫੈਸ਼ਨ ਦੀ ਝਲਕ ਪੇਸ਼ ਕਰੇਗਾ। ਹਿੰਦੀ ਫਿਲਮ ਜਗਤ ਦੇ ਮਸ਼ਹੂਰ ਸੰਗੀਤਕਾਰ ਇਸ ਸਾਲ ਦੇ ਜਸ਼ਨਾਂ ਵਿੱਚ ਆਪਣੇ ਗੀਤਾਂ ਨਾਲ ਜਾਦੂ ਬਿਖੇਰਨਗੇ। ਇਸ ਦੀ ਸ਼ੁਰੂਆਤ ਭਲਕੇ 26 ਮਈ ਨੂੰ ਹੋਵੇਗੀ ਜਦਕਿ ਮੁੱਖ ਐਵਾਰਡ 27 ਮਈ ਦੀ ਰਾਤ ਨੂੰ ਪੁਰਸਕਾਰ ਵੰਡੇ ਜਾਣਗੇ। -ਏਐੱਨਆਈ