ਲਖਨਊ, 8 ਫਰਵਰੀ
ਭਾਜਪਾ ਤੋਂ ਬਾਅਦ ਯੂਪੀ ਚੋਣਾਂ ਦੇ ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਮੰਗਲਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪਾਰਟੀ ਦੇ ਮੁਖੀ ਅਖੀਲੇਸ਼ ਯਾਦਵ ਨੇ ਇਸ ਨੂੰ ‘ਸਮਾਜਵਾਦੀ ਵਚਨ ਪੱਤਰ’ ਦਾ ਨਾਂ ਦਿੱਤਾ ਹੈ। ਇਸ ਮੈਨੀਫੈਸਟੋ ਅਨੁਸਾਰ ਯੂਪੀ ਦੇ ਸਿੱਖਿਆ ਮਿੱਤਰਾਂ ਨੂੰ ਤਿੰਨ ਸਾਲਾਂ ਵਿੱਚ ਪੱਕੀਆਂ ਸਰਕਾਰੀ ਨੌਕਰੀਆਂ ਦੇਣ ਅਤੇ ਇਕ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਸਣੇ ਕਈ ਵਾਅਦੇ ਕੀਤੇ ਗਏ ਹਨ। ਇਸ ਮੌਕੇ ਅਖੀਲੇਸ਼ ਯਾਦਵ ਨੇ ਕਿਹਾ ਕਿ ਸਾਰੀਆਂ ਫਸਲਾਂ ਲਈ ਘਟੋ-ਘੱਟ ਸਮਰਥਨ ਮੁੱਲ ਯੋਜਨਾ ਲਾਗੂ ਕੀਤੀ ਜਾਵੇਗੀ ਤੇ ਗੰਨਾ ਕਿਸਾਨਾਂ ਨੂੰ 15 ਦਿਨਾਂ ਵਿੱਚ ਭੁਗਤਾਨ ਦੇਣਾ ਨਿਸ਼ਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2025 ਤਕ ਸੂਬੇ ਦੇ ਸਾਰੇ ਕਿਸਾਨਾਂ ਨੂੰ ਕਰਜ਼ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਮੁਕਤੀ ਕਾਨੂੰਨ ਬਣਾ ਕੇ ਅਤਿ ਗਰੀਬ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਅਤੇ ਕਿਸਾਨ ਸਮਾਰਕ ਬਣਾਉਣ ਦਾ ਵੀ ਵਾਅਦਾ ਵੀ ਕੀਤਾ। ਇਸੇ ਤਰ੍ਹਾਂ ਯੂਪੀ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਕਿਸਾਨ ਬਾਜ਼ਾਰ ਬਣਾਉਣ ਦਾ ਵਾਅਦਾ ਕੀਤਾ ਜਿਥੇ ਕਿਸਾਨ ਸਿੱਧੇ ਤੌਰ ‘ਤੇ ਆਪਣੀ ਫਸਲ ਖਪਤਕਾਰਾਂ ਨੂੰ ਵੇਚ ਸਕਣਗੇ। -ਪੀਟੀਆਈ