ਮਾਸਕੋ, 7 ਫਰਵਰੀ
ਯੂਕਰੇਨ ਸੰਕਟ ਨੂੰ ਟਾਲਣ ਲਈ ਕੌਮਾਂਤਰੀ ਭਾਈਚਾਰੇ ਵੱਲੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਸੋਮਵਾਰ ਨੂੰ ਮਾਸਕੋ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰਨਗੇ ਅਤੇ ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਰੂਸ ਵੱਲੋਂ ਵਾਸ਼ਿੰਗਟਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਨੀਤੀਗਤ ਗੱਲਬਾਤ ਕਰਨਗੇ।
ਯੂਕਰੇਨ ਨੇੜੇ ਲਗਪਗ ਇਕ ਲੱਖ ਰੂਸੀ ਸੈਨਿਕਾਂ ਦੀ ਤਾਇਨਾਤੀ ਨੇ ਪੱਛਮੀ ਦੇਸ਼ਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਤੇ ਉਹ ਇਸ ਨੂੰ ਸੰਭਾਵੀ ਹਮਲੇ ਦੀ ਸ਼ੁਰੂਆਤ ਵਜੋਂ ਦੇਖ ਰਹੇ ਹਨ।
ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਚਿਤਾਵਨੀ ਦਿੱਤੀ ਕਿ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ ਅਤੇ ਇਸ ਨਾਲ ਸ਼ੁਰੂ ਹੋਣ ਵਾਲੀ ਜੰਗ ਨਾਲ ਮਨੁੱਖਤਾ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ, ਰੂਸ ਨੇ ਆਪਣੇ ਗੁਆਂਢੀ ਦੇਸ਼ ‘ਤੇ ਹਮਲੇ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ ਪਰ ਉਹ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ‘ਤੇ ਯੂਕਰੇਨ ਜਾਂ ਕਿਸੇ ਹੋਰ ਸਾਬਕਾ-ਸੋਵੀਅਤ ਦੇਸ਼ ਨੂੰ ਨਾਟੋ ਵਿਚ ਸ਼ਾਮਲ ਹੋਣ ਤੋਂ ਰੋਕਣ ਦਾ ਦਬਾਅ ਬਣਾ ਰਿਹਾ ਹੈ। ਰੂਸ ਨੇ ਖੇਤਰ ਵਿਚ ਹਥਿਆਰਾਂ ਦੀ ਤਾਇਨਾਤੀ ਰੋਕਣ ਅਤੇ ਪੂਰਬੀ ਯੂਰੋਪ ਤੋਂ ਨਾਟੋ ਬਲਾਂ ਨੂੰ ਵਾਪਸ ਸੱਦਣ ਦੀ ਮੰਗ ਵੀ ਕੀਤੀ ਹੈ। ਅਮਰੀਕਾ ਅਤੇ ਨਾਟੋ ਨੇ ਰੂਸ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ।
ਮੈਕਰੌਂ ਮੰਗਲਵਾਰ ਨੂੰ ਯੂਕਰੇਨ ਦੇ ਦੌਰ ‘ਤੇ ਰਵਾਨਾ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਕ੍ਰੈਮਲਿਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂੁਤਿਨ ਨਾਲ ਮੁਲਾਕਾਤ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਰੂਸ ਨਾਲ ਗੱਲਬਾਤ ਕਰਨਾ ਅਤੇ ਤਣਾਅ ਘਟਾਉਣਾ ਉਨ੍ਹਾਂ ਦੀ ਤਰਜੀਹ ਹੈ। ਮਾਸਕੋ ਜਾਣ ਤੋਂ ਪਹਿਲਾਂ ਮੈਕਰੌਂ ਨੇ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ।
ਵ੍ਹਾਈਟ ਹਾਊਸ ਨੇ ਇਕ ਬਿਆਨ ਰਾਹੀਂ ਕਿਹਾ, ”ਦੋਹਾਂ ਆਗੂਆਂ ਨੇ ਯੂਕਰੇਨ ਦੀਆਂ ਸਰਹੱਦਾਂ ‘ਤੇ ਰੂਸ ਦੇ ਸੈਨਿਕਾਂ ਦੀ ਤਾਇਨਾਤੀ ਦੇ ਜਵਾਬ ਵਿਚ ਚੱਲ ਰਹੀਆਂ ਕੂਟਨੀਤਕ ਅਤੇ ਸੰਕਟ ਟਾਲਣ ਸਬੰਧੀ ਹੋਰ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ।”
ਉਧਰ, ਜਰਨਮੀ ਦੇ ਚਾਂਸਲਰ ਓਲਫ ਸ਼ੁਲਜ਼ ਸੋਮਵਾਰ ਨੂੰ ਵਾਸ਼ਿੰਗਟਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕਰਨਗੇ ਅਤੇ ਇਹ ਗੱਲਬਾਤ ਯੂਕਰੇਨ ਤਣਾਅ ‘ਤੇ ਕੇਂਦਰਿਤ ਹੋਣ ਦੀ ਆਸ ਹੈ। ਸ਼ੁਲਜ਼ 14-15 ਫਰਵਰੀ ਨੂੰ ਕੀਵ ਅਤੇ ਮਾਸਕੋ ਵੀ ਜਾਣਗੇ। -ਏਪੀ