ਨਵੀਂ ਦਿੱਲੀ: ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਅੱਜ ਵਤਨ ਪਰਤ ਆਈ ਹੈ। ਕਪਤਾਨ ਯਸ਼ ਢੱਲ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਟੂਰਨਾਮੈਂਟ ਜਿੱਤਿਆ ਹੈ। ਭਾਰਤੀ ਟੀਮ ਨੇ ਵੈਸਟ ਇੰਡੀਜ਼ ਤੋਂ ਐਮਸਟਰਡਮ ਅਤੇ ਦੁਬਈ ਰਸਤੇ ਬੰਗਲੂਰੂ ਦੀ ਉਡਾਣ ਲਈ ਸੀ। ਟੀਮ ਦੇ ਖਿਡਾਰੀ ਸ਼ਾਮ ਨੂੰ ਅਹਿਮਦਾਬਾਦ ਪਹੁੰਚੇ ਗਏ ਹਨ, ਜਿੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ 9 ਫਰਵਰੀ ਨੂੰ ਉਨ੍ਹਾਂ ਲਈ ਸਨਮਾਨ ਸਮਾਗਮ ਰੱਖਿਆ ਗਿਆ ਹੈ। ਐੱਨਸੀਏ ਮੁਖੀ ਵੀਵੀਐੱਸ ਲਕਸ਼ਮਣ ਵੀ ਟੀਮ ਨਾਲ ਵੈਸਟ ਇੰਡੀਜ਼ ਵਿੱਚ ਸਨ। ਉਹ ਚੋਣਕਰਤਾਵਾਂ ਅਤੇ ਪੰਜ ਰਾਖਵੇਂ ਖਿਡਾਰੀਆਂ ਨਾਲ ਵੱਖਰੇ ਤੌਰ ‘ਤੇ ਵਾਪਸ ਆਏ ਹਨ। ਆਇਰਲੈਂਡ ਖ਼ਿਲਾਫ਼ ਦੂਜੇ ਲੀਗ ਮੈਚ ਤੋਂ ਪਹਿਲਾਂ ਭਾਰਤੀ ਦਲ ਵਿੱਚ ਕਰੋਨਾ ਲਾਗ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਇਨ੍ਹਾਂ ਪੰਜ ਖਿਡਾਰੀਆਂ ਨੂੰ ਭੇਜਿਆ ਗਿਆ ਸੀ। -ਪੀਟੀਆਈ