ਅਹਿਮਦਾਬਾਦ, 11 ਫਰਵਰੀ
ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਵਿਚਾਲੇ ਹੋਈ ਭਾਈਵਾਲੀ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਵੈਸਟਇੰਡੀਜ਼ ਨੂੰ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿਚ 96 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਉਤੇ ਹੂੰਝਾ ਫੇਰ ਦਿੱਤਾ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਦੇ ਸਿਖ਼ਰਲੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਅਈਅਰ (111 ਗੇਂਦਾਂ ਉਤੇ 80 ਦੌੜਾਂ) ਤੇ ਪੰਤ (56) ਨੇ ਚੌਥੀ ਵਿਕਟ ਲਈ 110 ਦੌੜਾਂ ਜੋੜੀਆਂ। ਦੀਪਕ ਚਾਹਰ (38) ਤੇ ਵਾਸ਼ਿੰਗਟਨ ਸੁੰਦਰ (33) ਨੇ ਸੱਤਵੇਂ ਵਿਕਟ ਲਈ 53 ਦੌੜਾਂ ਜੋੜੀਆਂ ਜਿਸ ਨਾਲ ਭਾਰਤ ਨੇ ਨਿਰਧਾਰਿਤ 50 ਓਵਰਾਂ ਵਿਚ ਸਾਰੇ ਵਿਕਟ ਗੁਆ ਕੇ 265 ਦੌੜਾਂ ਬਣਾਈਆਂ। ਪਿਚ ਵਿਚ ‘ਸੀਮ ਮੂਵਮੈਂਟ’ ਤੇ ਉਛਾਲ ਦਾ ਫਾਇਦਾ ਚੁੱਕਦਿਆਂ ਭਾਰਤ ਨੇ ਵੈਸਟਇੰਡੀਜ਼ ਨੂੰ 37.1 ਓਵਰਾਂ ਵਿਚ 169 ਉਤੇ ਆਊਟ ਕਰ ਦਿੱਤਾ। ਇਹ ਪਹਿਲੀ ਵਾਰ ਹੈ ਜਦ ਭਾਰਤ ਨੇ ਵੈਸਟਇੰਡੀਜ਼ ਨਾਲ ਇਕ ਰੋਜ਼ਾ ਲੜੀ ਵਿਚ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 16 ਫਰਵਰੀ ਤੋਂ ਕੋਲਕਾਤਾ ਵਿਚ ਤਿੰਨ ਮੈਚਾਂ ਦੀ ਟੀ20 ਲੜੀ ਖੇਡੀ ਜਾਵੇਗੀ। -ਪੀਟੀਆਈ