ਨਵੀਂ ਦਿੱਲੀ, 18 ਫਰਵਰੀ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਵੱਲੋਂ ਆਪਣੇ ਦੇਸ਼ ਦੀ ਸੰਸਦ ਵਿੱਚ ਦਿੱਤੇ ਬਿਆਨ ‘ਤੇ ਵਿਦੇਸ਼ ਮੰਤਰਾਲੇ ਵੱਲੋਂ ਉਸ ਦੇਸ਼ ਦੇ ਕਿਸੇ ਦੂਤ ਨੂੰ ਤਲਬ ਕਰਨਾ ਸਹੀ ਨਹੀਂ ਹੈ ਅਤੇ ਇਹ ਸਿੱਖਣ ਦੀ ਲੋੜ ਹੈ ਕਿ ਹਰ ਗੈੱਲ ਦਾ ਬੁਰਾ ਨਾ ਮਨਾਇਆ ਜਾਵੇ। ਉਨ੍ਹਾਂ ਟਵੀਟ ਕੀਤਾ, ‘ਸਿੰਗਾਪੁਰ ਵਰਗੇ ਮਿੱਤਰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸੰਸਦ ‘ਚ ਕੀਤੀ ਗਈ ਟਿੱਪਣੀ ਲਈ ਹਾਈ ਕਮਿਸ਼ਨਰ ਨੂੰ ਤਲਬ ਕਰਨਾ ਵਿਦੇਸ਼ ਮੰਤਰਾਲੇ ਨੂੰ ਸ਼ੋਭਾ ਨਹੀਂ ਦਿੰਦਾ। ਉਹ (ਲੀ) ਆਮ ਟਿੱਪਣੀ ਕਰ ਰਹੇ ਸਨ।’ ਸ੍ਰੀ ਥਰੂਰ ਨੇ ਕਿਹਾ ਕਿ ਇਹ ਸਿੱਖਣ ਦੀ ਲੋੜ ਹੈ ਕਿ ਹਰ ਗੱਲ ਦਾ ਬੁਰਾ ਨਾ ਮਨਾਇਆ ਜਾਵੇ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਵੀਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਦੇ ਭਾਰਤੀ ਸੰਸਦ ਮੈਂਬਰਾਂ ਵਿਰੁੱਧ ਅਪਰਾਧਿਕ ਦੋਸ਼ਾਂ ਬਾਰੇ ਦਿੱਤੇ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਸਮਝਿਆ ਜਾਂਦਾ ਹੈ ਕਿ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਸਿੰਗਾਪੁਰ ਦੇ ਹਾਈ ਕਮਿਸ਼ਨ ਕੋਲ ਉਠਾਇਆ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਸੰਸਦ ‘ਚ ‘ਦੇਸ਼ ‘ਚ ਲੋਕਤੰਤਰ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ ‘ਤੇ ਬਹਿਸ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਨਹਿਰੂ ਦਾ ਭਾਰਤ ਅਜਿਹਾ ਬਣ ਗਿਆ ਹੈ, ਜਿੱਥੇ ਰਿਪੋਰਟਾਂ ਮੁਤਾਬਕ ਲੋਕ ਸਭਾ ‘ਚ ਕਰੀਬ ਅੱਧੇ ਸੰਸਦ ਮੈਂਬਰਾਂ ‘ਤੇ ਬਲਾਤਕਾਰ ਅਤੇ ਕਤਲ ਦੇ ਦੋਸ਼ ਹਨ। ਉਨ੍ਹਾਂ ਮੁਤਾਬਕ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਕਈ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ।