ਸ਼ਾਹ ਆਲਮ (ਮਲੇਸ਼ੀਆ): ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦੀ ਤਗ਼ਮਾ ਜੇਤੂ ਲਕਸ਼ੈ ਸੇਨ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਗਰੁੱਪ-ਏ ਵਿੱਚ ਹਾਂਗਕਾਂਗ ਨੂੰ 3-2 ਨਾਲ ਹਰਾ ਕੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਨਾਕਆਊਟ ਦੌਰ ਵਿੱਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਹਾਲਾਂਕਿ, ਕੋਰੀਆ ਖ਼ਿਲਾਫ਼ ਪਹਿਲੇ ਮੈਚ ਵਿੱਚ 5-0 ਦੀ ਹਾਰ ਮਗਰੋਂ ਭਾਰਤੀ ਟੀਮ ਦੀ ਨਾਕਆਊਟ ਵਿੱਚ ਪਹੁੰਚਣ ਦੀ ਰਾਹ ਮੁਸ਼ਕਲ ਹੋ ਗਈ ਹੈ। ਭਾਰਤ ਹਾਲੇ ਇੱਕ ਜਿੱਤ ਅਤੇ ਇੱਕ ਹਾਰ ਨਾਲ ਗਰੁੱਪ ਵਿੱਚ ਹਾਂਗਕਾਂਗ ਤੋਂ ਉੱਪਰ ਤੀਜੇ ਸਥਾਨ ‘ਤੇ ਹੈ। ਗੁਰੱਪ-ਏ ਵਿੱਚ ਹੁਣ ਇੰਡੋਨੇਸ਼ੀਆ ਅਤੇ ਕੋਰੀਆ ਨਾਕਆਊਟ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਅੱਗੇ ਚੱਲ ਰਹੇ ਹਨ। ਅੱਜ ਹਾਂਗਕਾਂਗ ਖ਼ਿਲਾਫ਼ ਮੁਕਾਬਲੇ ਵਿੱਚ ਭਾਰਤ ਲਈ ਇੰਡੀਆ ਓਪਨ ਜੇਤੂ ਲਕਸ਼ੈ ਸੇਨ ਤੇ ਮਿਥੁਨ ਮੰਜੂਨਾਥ ਤੋਂ ਇਲਾਵਾ ਹਰੀਹਰਨ ਏ. ਅਤੇ ਰੁਬੇਨ ਆਰ. ਦੀ ਜੋੜੀ ਨੇ ਜਿੱਤ ਹਾਸਲ ਕੀਤੀ। ਨਾਕਆਊਟ ਵਿੱਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਹੁਣ ਸ਼ੁੱਕਰਵਾਰ ਨੂੰ ਮੌਜੂਦਾ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾਉਣਾ ਪਵੇਗਾ ਅਤੇ ਹਾਂਗਕਾਂਗ ਹੱਥੋਂ ਕੋਰੀਆ ਦੇ ਹਾਰਨ ਦੀ ਦੁਆ ਕਰਨੀ ਪਵੇਗੀ। ਦੂਜੇ ਪਾਸੇ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੂੰ ਵੀ ਆਪਣੇ ਪਹਿਲੇ ਮੈਚ ਵਿੱਚ ਮਲੇਸ਼ੀਆ ਹੱਥੋਂ ਹਾਰ ਝੱਲਣੀ ਪਈ ਸੀ। ਭਾਰਤੀ ਮਹਿਲਾ ਟੀਮ ਆਪਣੇ ਦੂਜੇ ਮੁਕਾਬਲੇ ਵਿੱਚ ਸ਼ੁੱਕਰਵਾਰ ਨੂੰ ਮੌਜੂਦਾ ਚੈਂਪੀਅਨ ਜਪਾਨ ਦਾ ਸਾਹਮਣਾ ਕਰੇਗੀ। -ਪੀਟੀਆਈ