ਏਥਨਜ਼, 18 ਫਰਵਰੀ
ਯੂਨਾਨੀ ਟਾਪੂ ਕੋਰਫੂ ਨੇੜੇ ਸਮੁੰਦਰ ਵਿਚ ਬੀਤੇ ਦਿਨ ਇਟਲੀ ਆਧਾਰਤ ਇਕ ਕਿਸ਼ਤੀ ‘ਚ ਅੱਗ ਲੱਗ ਗਈ। ਬਚਾਅ ਦਲ ਦੇ ਮੈਂਬਰਾਂ ਨੇ ਸਾਰੀ ਰਾਤ ਚਲਾਈ ਗਈ ਬਚਾਅ ਮੁਹਿੰਮ ਵਿੱਚ 280 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਕਿਸ਼ਤੀ ਵਿਚ 239 ਯਾਤਰੀ ਅਤੇ ਕਿਸ਼ਤੀ ਚਾਲਕ ਦਲ ਦੇ 51 ਮੈਂਬਰ ਸਵਾਰ ਸਨ। ਯੂਨਾਨੀ ਤੱਟ ਰੱਖਿਅਕਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸ਼ਤੀ ਚਾਲਕ ਦਲ ਦਾ ਇਕ ਮੈਂਬਰ ਅਤੇ ਦੋ ਯਾਤਰੀਆਂ ਨੂੰ ਸਾਹ ਵਿਚ ਤਕਲੀਫ ਹੋਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਮੁੱਢਲੇ ਤੌਰ ‘ਤੇ ਕਿਸੇ ਦੇ ਲਾਪਤਾ ਹੋਣ ਦੀ ਕੋਈ ਖ਼ਬਰ ਨਹੀਂ ਸੀ, ਪਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਪੂਰੀ ਸੂਚੀ ਦੀ ਪੜਤਾਲ ਕਰਨ ਵਿੱਚ ਕਈ ਘੰਟੇ ਲੱਗਣ ਦੀ ਸੰਭਾਵਨਾ ਹੈ। ਬਚਾਏ ਗਏ ਯਾਤਰੀਆਂ ਨੂੰ ਕੋਰਫੂ ਭੇਜ ਦਿੱਤਾ ਗਿਆ।
ਯੂਨਾਨ ਦੇ ਸ਼ਿਪਿੰਗ ਬਾਰੇ ਡਿਪਟੀ ਮੰਤਰੀ ਕੋਸਤਾਸ ਕਾਤਸਾਫਾਦੋਸ ਨੇ ਸਰਕਾਰੀ ਈਆਰਟੀ ਟੈਲੀਵਿਜ਼ਨ ਨੂੰ ਦੱਸਿਆ, ”ਇਹ ਇਕ ਮੁਸ਼ਕਿਲ ਬਚਾਅ ਮੁਹਿੰਮ ਸੀ ਅਤੇ ਸਾਨੂੰ ਚੌਕਸ ਰਹਿਣਾ ਸੀ। ਕਿਸ਼ਤੀ ਵਿਚ ਸਵਾਰ ਲੋਕਾਂ ਦੀ ਅੰਤਿਮ ਗਿਣਤੀ ਕੋਰਫੂ ਵਿਚ ਹੋਵੇਗੀ ਜਿੱਥੇ ਕਿ ਬਚਾਏ ਗਏ ਸਾਰੇ ਲੋਕ ਇਕੱਤਰ ਹੋਣਗੇ।”
ਤੱਟ ਰੱਖਿਅਕ ਬਲ ਦੇ ਸੀਨੀਅਰ ਅਧਿਕਾਰੀ ਨਿਕੋਸ ਲੈਗਾਡਿਆਨੋਸ ਨੇ ਦੱਸਿਆ ਕਿ ਇਸ ਬਚਾਅ ਮੁਹਿੰਮ ਵਿਚ ਯੂਨਾਨ ਤੱਟ ਰੱਖਿਅਕਾਂ ਅਤੇ ਜਲ ਸੈਨਾ ਦੀਆਂ ਛੇ ਕਿਸ਼ਤੀਆਂ, ਚਾਰ ਹੈਲੀਕਾਪਟਰਾਂ, ਇਕ ਇਤਾਲਵੀ ਆਬਕਾਰੀ ਨਿਰੀਖਣ ਕਿਸ਼ਤੀ ਅਤੇ ਕਈ ਸਮੁੰਦਰੀ ਬੇੜਿਆਂ ਦਾ ਇਸਤੇਮਾਲ ਕੀਤਾ ਗਿਆ। ਬਚਾਏ ਗਏ ਯਾਤਰੀਆਂ ਦੀ ਕੋਰਫੂ ਪਹੁੰਚਣ ‘ਤੇ ਮੁੱਢਲੀ ਸਿਹਤ ਜਾਂਚ ਕੀਤੀ ਗਈ। -ਏਪੀ