ਨਵੀਂ ਦਿੱਲੀ, 19 ਫਰਵਰੀ
ਕਰਤਾਰਪੁਰ ਲਾਂਘਾ 1947 ਦੀ ਭਾਰਤ-ਪਾਕਿ ਵੰਡ ਦੌਰਾਨ ਵਿਛੜੇ ਇਕ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ ਮੁੜ ਮਿਲਾਉਣ ਦਾ ਜ਼ਰੀਆ ਬਣ ਗਿਆ ਹੈ। ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਜਦੋਂ ਪਰਿਵਾਰ ਦੇ ਜੀਅ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਵਿੱਚ ਮਿਲੇ ਤਾਂ ਇਹ ਬੜਾ ਭਾਵੁਕ ਪਲ ਸੀ।
ਇਨ੍ਹਾਂ ਪਰਿਵਾਰਾਂ ਨੂੰ ਪੰਜਾਬੀ ਨਿਊਜ਼ ਚੈਨਲ ਜ਼ਰੀਏ ਇਕ ਦੂਜੇ ਬਾਰੇ ਪਤਾ ਲੱਗਾ ਸੀ। ਰਿਪੋਰਟ ਮੁਤਾਬਕ ਸ਼ਾਹਿਦ ਰਫ਼ੀਕ ਮਿੱਠੂ, ਜੋ ਕਿ ਨਨਕਾਣਾ ਜ਼ਿਲ੍ਹੇ ਦੇ ਮਨਾਨਾਵਾਲਾ ਦਾ ਵਸਨੀਕ ਹੈ, ਆਪਣੇ ਪਰਿਵਾਰ ਦੇ 40 ਜੀਆਂ ਨਾਲ ਕਰਤਾਰਪੁਰ ਸਾਹਿਬ ਪੁੱਜਾ ਸੀ। ਉਧਰ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸ਼ਾਹਪੁਰ ਡੋਗਰਾਂ ਵਿੱਚ ਰਹਿੰਦਾ ਸੋਨੂ ਮਿੱਠੂ ਪਰਿਵਾਰ ਦੇ ਅੱਠ ਜੀਆਂ ਨਾਲ ਉਥੇ ਬਹੁੜਿਆ। ਦੋਵਾਂ ਪਰਿਵਾਰਾਂ ਦੇ ਮੈਂਬਰ ਇਕ ਦੂਜੇ ਦੇ ਗ਼ਲ ਲਗ ਕੇ ਖ਼ੂਬ ਰੋਏ। ਸ਼ਾਹਿਦ ਰਫ਼ੀਕ ਮਿੱਠੂ ਨੇ ਕਿਹਾ ਕਿ ਉਨ੍ਹਾਂ ਦਾ ਬਜ਼ੁਰਗ ਇਕਬਾਲ ਮਸੀਹ 1947 ਦੀ ਵੰਡ ਦੌਰਾਨ ਪਰਿਵਾਰ ਸਮੇਤ ਪਾਕਿਸਤਾਨ ਪਰਵਾਸ ਕਰ ਗਿਆ ਸੀ ਜਦੋਂਕਿ ਉਸ ਦਾ ਛੋਟਾ ਭਰਾ ਇਨਾਇਤ ਵੰਡ ਦੌਰਾਨ ਪਏ ਰੌਲੇ-ਗੋਲੇ ਕਰਕੇ ਪੰਜਾਬ ਵਿੱਚ ਹੀ ਰਹਿ ਗਿਆ। ਸ਼ਾਹਿਦ ਮਿੱਠੂ ਨੇ ਕਿਹਾ, ”ਸਾਲ ਕੁ ਪਹਿਲਾਂ ਪੰਜਾਬੀ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਮੇਰੀ ਇੰਟਰਵਿਊ ਦੌਰਾਨ ਮੈਂ ਦੇਸ਼ ਵੰਡ ਦੌਰਾਨ ਆਪਣੇ ਬਜ਼ੁਰਗਾਂ ਦੇ ਇਕ ਦੂਜੇ ਤੋਂ ਵਿਛੜਨ ਦੀ ਗੱਲ ਸਾਂਝੀ ਕੀਤੀ ਸੀ। ਇਸ ਇੰਟਰਵਿਊ ਨੂੰ ਪੰਜਾਬ ਬੈਠੇ ਸਾਡੇ ਰਿਸ਼ਤੇਦਾਰਾਂ ਨੇ ਵੇਖ ਕੇ ਜਦੋਂ ਸੰਪਰਕ ਕੀਤਾ ਤਾਂ ਅਸੀਂ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ।” ਸ਼ਾਹਿਦ ਮਿੱਠੂ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਾਰ ਦੇ ਦੋਵੇਂ ਬਜ਼ੁਰਗ ਇਕਬਾਲ ਤੇ ਇਨਾਇਤ ਅੱਲ੍ਹਾ ਨੂੰ ਪਿਆਰੇ ਹੋ ਚੁੱਕੇ ਹਨ। ਉਧਰ ਸੋਨੂ ਮਿੱਠੂ ਨੇ ਕਿਹਾ ਕਿ ਉਹ ਸ਼ਾਹਿਦ ਰਫ਼ੀਕ ਮਿੱਠੂ ਤੇ 35 ਹੋਰਨਾਂ ਰਿਸ਼ਤੇਦਾਰਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੈ। ਦੋਵਾਂ ਪਰਿਵਾਰਾਂ ਨੇ ਇਸ ਮਿਲਣੀ ਦੌਰਾਨ ਜਿੱਥੇ ਦਿਲ ਦੀਆਂ ਗੱਲਾਂ ਕੀਤੀਆਂ, ਉਥੇ ਆਪਣੇ ਮਰਹੂਮ ਬਜ਼ੁਰਗਾਂ ਦੀਆਂ ਕਹਾਣੀਆਂ ਤੇ ਹੋਰ ਯਾਦਾਂ ਨੂੰ ਵੀ ਸਾਂਝਿਆਂ ਕੀਤਾ। ਕਰਤਾਰਪੁਰ ਸਾਹਿਬ ਪ੍ਰਸ਼ਾਸਨ ਨੇ ਇਸ ਮੌਕੇ ਦੋਵਾਂ ਪਰਿਵਾਰਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਮਗਰੋਂ ਦੋਵਾਂ ਪਰਿਵਾਰਾਂ ਨੇ ਬਾਬਾ ਗੁਰੂ ਨਾਨਕ ਲੰਗਰ ਹਾਲ ਵਿੱਚ ਲੰਗਰ ਵੀ ਛਕਿਆ ਤੇ ਉਹ ਖਰੀਦਦਾਰੀ ਲਈ ਸਥਾਨਕ ਮਾਰਕੀਟ ਵੀ ਗੲੇ। -ਆਈਏਐੱਨਐੱਸ