ਕੋਹਿਮਾ, 26 ਮਾਰਚ
ਦਰਸ਼ਨ ਸਿੰਘ ਤੇ ਵਰਸ਼ਾ ਦੇਵੀ ਨੇ ਅੱਜ ਇੱਥੇ ਸੈਫ ਕਰਾਸ ਕੰਟਰੀ ਚੈਂਪੀਅਨਸ਼ਿਪ ਅਤੇ ਨੈਸ਼ਨਲ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਪੁਰਸ਼ ਤੇ ਮਹਿਲਾ 10 ਕਿਲੋਮੀਟਰ ਦੇ ਖ਼ਿਤਾਬ ਆਪਣੇ ਨਾਮ ਕੀਤੇ। ਦਰਸ਼ਨ ਅਤੇ ਵਰਸ਼ਾ ਨੇ ਸੈਫ ਮੁਕਾਬਲਿਆਂ ਵਿੱਚ ਕ੍ਰਮਵਾਰ 31:08.00 ਮਿੰਟ ਅਤੇ 37:14.00 ਮਿੰਟ ਦੇ ਸਮੇਂ ਨਾਲ ਪਹਿਲੀ ਕੌਮਾਂਤਰੀ ਸਫਲਤਾ ਹਾਸਲ ਕੀਤੀ। ਸ੍ਰੀਲੰਕਾ ਦੇ ਆਰਐੱਨਐੱਸ ਪੁਸ਼ਪਕੁਮਾਰਾ (33:12.00) ਅਤੇ ਨੇਪਾਲ ਦੇ ਪਾਲ ਮੁਕੇਸ਼ ਬਹਾਦਰ (34:08.00) ਨੇ ਸੈਫ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਪੁਰਸ਼ ਦਸ ਕਿਲੋਮੀਟਰ ਵਿੱਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ। ਮਹਿਲਾਵਾਂ ਦੇ 10 ਕਿਲੋਮੀਟਰ ਮੁਕਾਬਲੇ ਵਿੱਚ ਨੇਪਾਲ ਦੀ ਪੱਚਾਈ ਰਾਜਪੁਰਾ (38:48.00) ਦੂਜੇ ਅਤੇ ਸ੍ਰੀਲੰਕਾ ਦੀ ਐੱਮਐੱਸਪੀ ਮਧੂਮਾਲੀ ਪਰੇਰਾ (39:38.00) ਤੀਜੇ ਸਥਾਨ ‘ਤੇ ਰਹੀਆਂ। ਪੁਰਸ਼ਾਂ ਦੀ 10 ਕਿਲੋਮੀਟਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੀਪਕ ਸੁਹਾਗ ਅਤੇ ਰਾਜਿੰਦਰ ਨਾਥ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਮਹਿਲਾਵਾਂ ਦੇ 10 ਕਿਲੋਮੀਟਰ ਵਿੱਚ ਮੰਜੂ ਯਾਦਵ ਅਤੇ ਪ੍ਰੀਨੂ ਯਾਦਵ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। -ਪੀਟੀਆਈ