ਨਵੀਂ ਦਿੱਲੀ, 25 ਮਾਰਚ
ਤਿੱਬਤੀ ਯੁਵਾ ਕਾਂਗਰਸ (ਟੀਵਾਈਸੀ) ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਯਾਤਰਾ ਖ਼ਿਲਾਫ਼ ਸ਼ੁੱਕਰਵਾਰ ਨੂੰ ਇਥੇ ਹੈਦਰਾਬਾਦ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਥੇ ਜਾਰੀ ਬਿਆਨ ਵਿੱਚ ਟੀਵਾਈਸੀ ਨੇ ਤਿੱਬਤ ਦੇ ਮੌਜੂਦਾ ਹਾਲਾਤਾਂ ਬਾਰੇ ਚਿੰਤਾ ਪ੍ਰਗਟਾਈ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਅਪੀਲ ਕੀਤੀ ਕਿ ਉਹ ਚੀਨੀ ਹਮਰੁਤਬਾ ਸਾਹਮਣੇ ਤਿੱਬਤ ਦੀ ਆਜ਼ਾਦੀ ਦਾ ਮੁੱਦਾ ਉਠਾਉਣ। ਇਥੇ ਕਰੀਬ ਅੱਠ ਤਿੱਬਤੀ ਕਾਰਕੁਨ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕਰਨ ਆਏ ਸੀ ਪਰ ਪੁਲੀਸ ਉਨ੍ਹਾਂ ਨੂੰ ਬੱਸਾਂ ਵਿੱਚ ਬਿਠਾ ਕੇ ਕਿਸੇ ਹੋਰ ਸਥਾਨ ‘ਤੇ ਲੈ ਗਈ। ਸੰਗਠਨ ਨੇ ਤਿੱਬਤ ਦੇ ਸਾਰੇ ਸਿਆਸੀ ਕੈਦੀਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ