ਤਾਇਪੈ: ਚੀਨ ਲਗਾਤਾਰ ਕਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਅੱਜ ਇੱਥੇ ਚੀਨ ਵਿੱਚ ਬਣੇ ਹਾਲਾਤ ਨੂੰ ‘ਗੰਭੀਰ ਅਤੇ ਗੁੰਝਲਦਾਰ’ ਦੱਸਿਆ ਹੈ। ਕੌਮੀ ਸਿਹਤ ਅਧਿਕਾਰੀਆਂ ਅਨੁਸਾਰ ਦੇਸ਼ ਵਿੱਚ 1 ਮਾਰਚ ਤੋਂ ਹੁਣ ਤੱਕ ਕੇਸਾਂ ਦੀ ਗਿਣਤੀ 56 ਹਜ਼ਾਰ ਨੂੰ ਟੱਪ ਗਈ ਹੈ। ਇਨ੍ਹਾਂ ਛਪੰਜਾ ਹਜ਼ਾਰ ਕੇਸਾਂ ਵਿੱਚੋਂ ਅੱਧੇ ਤੋਂ ਵੱਧ ਕੇਸ ਉੱਤਰ-ਪੂਰਬੀ ਜਿਲਿਨ ਸੂਬੇ ਵਿੱਚ ਦਰਜ ਕੀਤੇ ਗਏ ਹਨ। ਹਾਲਾਂਕਿ, ਇਸ ਵਿੱਚ ਹਾਂਗਕਾਂਗ ਦੇ ਕਰੋਨਾ ਨਾਲ ਸਬੰਧਤ ਕੇਸਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਚੀਨ ਦੇ ਰੋਗ ਨਿਯੰਤਰਣ ਕੇਂਦਰ ਵਿੱਚ ਇੱਕ ਛੂਤ ਰੋਗ ਮਾਹਿਰ ਵੂ ਜ਼ੁਨਯੂ ਨੇ ਕਿਹਾ ਕਿ ਚੀਨ ਥੋੜ੍ਹੇ ਸਮੇਂ ਵਿੱਚ ਜ਼ੀਰੋ-ਕੋਵਿਡ ਦੇ ਟੀਚੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਪਿਛਲੇ ਹਫ਼ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਖਤ ਉਪਾਅ ਦੇ ਸੁਝਾਅ ਨੂੰ ਸਵੀਕਾਰਦਿਆਂ ਚੀਨ ਵਿੱਚ ਵਾਇਰਸ ਨਾਲ ਨਜਿੱਠਣ ਲਈ ‘ਘੱਟੋ-ਘੱਟ ਲਾਗਤ’ ਦੇ ਨਾਲ ‘ਵੱਧ ਤੋਂ ਵੱਧ ਪ੍ਰਭਾਵ’ ਲੈਣ ਦੀ ਗੱਲ ਕਹੀ ਸੀ। -ੲੇਪੀ