ਵਾਰਸਾ, 25 ਮਾਰਚ
ਵਾਰਸਾ ਵਿੱਚ ਕੀਵ ਦੇ ਰਾਜਦੂਤ ਆਂਦਰੀ ਡੇਸ਼ਚਿਤਸੀਆ ਨੇ ਕਿਹਾ ਕਿ ਰੂਸ ਨੇੜ ਭਵਿੱਖ ਵਿੱਚ ਪੋਲੈਂਡ ਜਾਂ ਯੂਰਪੀ ਯੂਨੀਅਨ (ਈਯੂ) ਦੇ ਕਿਸੇ ਮੁਲਕ ‘ਤੇ ਹਮਲਾ ਕਰ ਸਕਦਾ ਹੈ।
ਯੂਰਪੀ ਪ੍ਰਾਵਦਾ ਨੇ ਕੀਵ ਦੇ ਰਾਜਦੂਤ ਦੇ ਹਵਾਲੇ ਨਾਲ ਕਿਹਾ, ‘ਰੂਸ ਪੋਲੈਂਡ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਵਾਰਸਾ ਵਿੱਚ ਰੂਸੀ ਅੰਬੈਸੀ ਸਮੇਤ ਕੂਟਨੀਤਕ ਮਿਸ਼ਨਾਂ ਕੋਲ ਸੰਭਾਵੀ ਤੌਰ ‘ਤੇ ਇਸ ਦੀ ਜਾਣਕਾਰੀ ਹੈ। ਉਹ ਇਸ ਨੂੰ ਲੁਕਾ ਰਹੇ ਹਨ।’ ਰਾਜਦੂਤ ਨੇ ਇਹ ਟਿੱਪਣੀ ਵਾਰਸਾ ਵਿੱਚ ਰੂਸੀ ਅੰਬੈਸੀ ਤੋਂ ਉੱਠ ਰਹੇ ਧੂੰਏਂ ਦੇ ਹਵਾਲੇ ਨਾਲ ਕੀਤੀ ਹੈ। ਹਮਲੇ ਤੋਂ ਪਹਿਲਾਂ ਰੂਸ ਵਿੱਚ ਕੀਵ ਦੀ ਅੰਬੈਸੀ ‘ਚੋਂ ਵੀ ਅਜਿਹਾ ਧੂੰਆਂ ਉੱਠਦਾ ਦੇਖਿਆ ਗਿਆ ਸੀ।
ਉਨ੍ਹਾਂ ਕਿਹਾ, ‘ਇਹ ਸਪੱਸ਼ਟ ਹੈ ਕਿ ਉਹ ਇਹ ਕਰਨ ਜਾ ਰਹੇ ਹਨ। ਜੇਕਰ ਇੱਥੇ ਅਜਿਹੀ ਸੂਚਨਾ ਜਾਂ ਦਸਤਾਵੇਜ਼ ਹਨ ਜਿਸ ਨਾਲ ਪੋਲੈਂਡ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਉਹ ਅੰਬੈਸੀ ਛੱਡਣ ਸਮੇਂ ਵੀ ਇਨ੍ਹਾਂ ਨੂੰ ਨਹੀਂ ਸਾੜਨਗੇ। ਜੇਕਰ ਇੱਥੇ ਰੂਸੀ ਦੂਤਾਂ ਵੱਲੋਂ ਪੋਲੈਂਡ ‘ਚ ਕੋਈ ਵੀ ਤਬਾਹਕੁਨ ਗਤੀਵਿਧੀ ਦਾ ਕੋਈ ਦਸਤਾਵੇਜ਼ ਹੈ ਤਾਂ ਇਹ ਰੂਸ ‘ਤੇ ਗੰਭੀਰ ਇਲਜ਼ਾਮ ਹੋਵੇਗਾ ਅਤੇ ਕੌਮਾਂਤਰੀ ਅਪਰਾਧ ਅਦਾਲਤ ਵਿੱਚ ਇਸ ਨੂੰ ਰੂਸ ਖ਼ਿਲਾਫ਼ ਵਰਤਿਆ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਹੁਣ ਹਥਿਆਰਾਂ ਦੀ ਵਰਤੋਂ ਕਰਨ ਲਈ ਜ਼ਮੀਨ ਤਿਆਰ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘ਯੂਕਰੇਨ ‘ਤੇ ਹਮਲਾ ਕਰਨ ਲਈ ਰੂਸ ਨੂੰ ਘੱਟ ਬਹਾਨਿਆਂ ਦੀ ਜ਼ਰੂਰਤ ਸੀ ਪਰ ਪੋਲੈਂਡ ‘ਚ ਦਾਖਲ ਹੋਣ ਲਈ ਰੂਸ ਨੂੰ ਬਹੁਤ ਗੰਭੀਰਤਾ ਨਾਲ ਤਿਆਰੀ ਕਰਨੀ ਪਵੇਗੀ ਕਿਉਂਕਿ ਪੋਲੈਂਡ ਯੂਰਪੀ ਯੂਨੀਅਨ ਤੇ ਨਾਟੋ ਦਾ ਮੈਂਬਰ ਹੈ। ਰੂਸ ਨੂੰ ਪੋਲੈਂਡ ਦੀ ਅੰਦਰੂਨੀ ਜ਼ਿੰਦਗੀ ‘ਚ ਦਖਲ ਦੇਣ ਅਤੇ ਪੋਲੈਂਡ ‘ਤੇ ਹਮਲਾ ਕਰਨ ਲਈ ਬਹੁਤ ਠੋਸ ਕਾਰਨਾਂ ਦੀ ਜ਼ਰੂਰਤ ਹੋਵੇਗੀ।’ ਯੋਰਪੀ ਪਰਾਵਦਾ ਨੇ ਕਿਹਾ ਕਿ ਰੂਸੀ ਅੰਬੈਸੀ ਦੀ ਇਮਾਰਤ ਦੀ ਤਬਾਹੀ ਅਜਿਹਾ ਇੱਕ ਕਾਰਨ ਹੋ ਸਕਦਾ ਹੈ। ਡੇਸ਼ਚਿਤਸਿਆ ਨੇ ਕਿਹਾ, ‘ਅਜਿਹੇ ਹਾਲਾਤ ‘ਚ ਰੂਸ ਆਪਣੇ ਸਪੈਸ਼ਲ ਦਸਤੇ ਅੰਬੈਸੀ ਦੀ ਹਿਫਾਜ਼ਤ ਲਈ ਭੇਜੇਗਾ। ਇਸ ਦੌਰਾਨ ਜੇਕਰ ਇੱਕ ਵੀ ਰੂਸੀ ਫੌਜੀ ਮਾਰਿਆ ਜਾਂਦਾ ਹੈ ਤਾਂ ਰੂਸ ਕੋਲ ਆਪਣੀਆਂ ਫੌਜਾਂ ਭੇਜਣ ਲਈ ਠੋਸ ਕਾਰਨ ਹੋਵੇਗਾ।’ -ਆਈਏਐੱਨਐੱਸ
ਯੂਕਰੇਨ ‘ਚ ਸਾਡੇ 1351 ਫੌਜੀ ਮਾਰੇ ਗਏ: ਰੂਸ
ਨਿਊਯਾਰਕ: ਰੂਸੀ ਫੌਜ ਦੇ ਜਨਰਲ ਸਟਾਫ਼ ਦੇ ਉੱਪ ਮੁਖੀ ਨੇ ਅੱਜ ਕਿਹਾ ਕਿ ਯੂਕਰੇਨ ਵਿੱਚ ਹੁਣ ਤੱਕ ਉਨ੍ਹਾਂ ਦੇ 1351 ਜਵਾਨ ਸ਼ਹੀਦ ਹੋਏ ਹਨ। ਕਰਨਲ ਜਨਰਲ ਸਰਗੇਈ ਰੁਦਸਕੋਈ ਨੇ ਅੱਜ ਕਿਹਾ ਕਿ ਇਸ ਜੰਗ ਦੌਰਾਨ 3825 ਰੂਸੀ ਜਵਾਨ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਾਟੋ ਨੇ ਦਾਅਵਾ ਕੀਤਾ ਸੀ ਕਿ ਇਸ ਜੰਗ ਦੌਰਾਨ ਰੂਸ ਦੇ 7 ਤੋਂ 15 ਹਜ਼ਾਰ ਰੂਸੀ ਜਵਾਨ ਹਲਾਕ ਹੋਏ ਹਨ।
ਯੂਰਪੀ ਦੌਰੇ ਦੇ ਆਖਰੀ ਪੜਾਅ ਦੌਰਾਨ ਪੋਲੈਂਡ ਪੁੱਜੇ ਬਾਇਡਨ
ਵਾਰਸਾ: ਅਮਰੀਕੀ ਰਾਸ਼ਟਰਪਤੀ ਆਪਣੇ ਯੂਰਪੀ ਦੌਰੇ ਦੇ ਆਖਰੀ ਪੜਾਅ ਦੌਰਾਨ ਅੱਜ ਪੋਲੈਂਡ ਪਹੁੰਚ ਗਏ ਹਨ। ਉਹ ਦੋ ਦਿਨ ਦੇ ਦੌਰੇ ਲਈ ਪੋਲੈਂਡ ਪਹੁੰਚੇ ਹਨ। ਉਹ ਇੱਥੇ ਪੋਲੈਂਡ ਦੀ ਯੂਕਰੇਨ ਨਾਲ ਲੱਗਦੀ ਹੱਦ ‘ਤੇ ਤਾਇਨਾਤ ਅਮਰੀਕੀ ਫੌਜੀਆਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਯੂਕਰੇਨ ਤੋਂ ਬਚ ਕੇ ਪੋਲੈਂਡ ਦੀ ਪਨਾਹ ਵਿੱਚ ਆਏ ਲੋਕਾਂ ਬਾਰੇ ਵੀ ਚਰਚਾ ਕਰਨਗੇ। ਬਾਇਡਨ ਨੇ ਅੱਜ ਇੱਥੇ ਤਾਇਨਾਤ ਅਮਰੀਕੀ ਫੌਜ ਦੀ 82ਵੀਂ ਏਅਰਬੋਰਨ ਡਿਵੀਜ਼ਨ ਦੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਹੈ। ਬਾਇਡਨ ਅੱਜ ਬਾਅਦ ਦੁਪਹਿਰ ਰਜ਼ੇਸਜ਼ੋਅ ਦੇ ਹਵਾਈ ਅੱਡੇ ‘ਤੇ ਪਹੁੰਚੇ। ਉਹ ਭਲਕੇ ਪੋਲੈਂਡ ਦੇ ਰਾਸ਼ਟਰਪਤੀ ਆਂਦਰਜ਼ੇਜ ਡੂਬਾ ਦੇ ਹੋਰਨਾਂ ਨਾਲ ਵਾਰਸਾ ਵਿੱਚ ਮੁਲਾਕਾਤ ਕਰਨਗੇ। -ਏਪੀ
ਮਾਰਿਉਪੋਲ ਥੀਏਟਰ ‘ਤੇ ਹਵਾਈ ਹਮਲੇ ‘ਚ ਹੋਈਆਂ ਸਨ 300 ਮੌਤਾਂ: ਅਧਿਕਾਰੀ
ਖਾਰਕੀਵ: ਯੂਕਰੇਨ ਦੇ ਸ਼ਹਿਰ ਮਾਰਿਉਪੋਲ ਦੀ ਸਰਕਾਰ ਨੇ ਅੱਜ ਕਿਹਾ ਕਿ ਪਿਛਲੇ ਹਫ਼ਤੇ ਇੱਕ ਥੀਏਟਰ ‘ਤੇ ਕੀਤੇ ਗਏ ਰੂਸੀ ਹਵਾਈ ਹਮਲੇ ‘ਚ 300 ਮੌਤਾਂ ਹੋਈਆਂ ਸਨ। ਰੂਸ ਦੇ ਹਮਲੇ ਤੋਂ ਬਚਣ ਲਈ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਥੀਏਟਰ ‘ਚ ਪਨਾਹ ਲਈ ਹੋਈ ਸੀ। ਟੈਲੀਗ੍ਰਾਮ ਚੈਨਲ ‘ਤੇ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਸਥਾਨਕ ਸਰਕਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਤਕਰੀਬਨ 300 ਸੀ। ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਹੰਗਾਮੀ ਮੁਲਾਜ਼ਮਾਂ ਨੇ ਮੌਕੇ ਦਾ ਪੂਰਾ ਮੁਆਇਨਾ ਕਰ ਲਿਆ ਅਤੇ ਪ੍ਰਤੱਖਦਰਸ਼ੀਆਂ ਨੂੰ ਮੌਕੇ ਦੇ ਅੰਕੜੇ ਬਾਰੇ ਕਿਵੇਂ ਪਤਾ ਲੱਗਿਆ। ਹਮਲੇ ਤੋਂ ਤੁਰੰਤ ਬਾਅਦ ਯੂਕਰੇਨੀ ਸੰਸਦ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨਰ ਲੁਦਮਿਲਾ ਡੇਨੀਸੋਵਾ ਨੇ ਕਿਹਾ ਸੀ ਕਿ ਇਸ ਇਮਾਰਤ ਵਿੱਚ 1300 ਲੋਕਾਂ ਨੇ ਪਨਾਹ ਲਈ ਹੋਈ ਸੀ। ਖਾਰਕੀਵ ਸ਼ਹਿਰ ਦੇ ਬਾਹਰੀ ਇਲਾਕੇ ‘ਚ ਅੱਜ ਵੀ ਧੁੰਦ ਛਾਈ ਰਹੀ ਅਤੇ ਸਵੇਰ ਤੋਂ ਹੀ ਲਗਾਤਾਰ ਗੋਲਾਬਾਰੀ ਹੋ ਰਹੀ ਹੈ। ਸ਼ਹਿਰ ਦੇ ਇੱਕ ਹਸਪਤਾਲ ‘ਚ ਕਈ ਜ਼ਖ਼ਮੀ ਸੈਨਿਕਾਂ ਨੂੰ ਲਿਆਂਦਾ ਗਿਆ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਆਪਣੇ ਦੇਸ਼ ਨੂੰ ਫੌਜੀ ਰੱਖਿਆ ਕਾਇਮ ਰੱਖਣ ਦੀ ਅਪੀਲ ਕੀਤੀ ਹੈ। -ਏਪੀ