ਨਵੀਂ ਦਿੱਲੀ, 25 ਮਾਰਚ
ਯੂਕਰੇਨ ਦੇ ਸ਼ਰਨਾਰਥੀਆਂ ਲਈ ਐਮਰਜੈਂਸੀ ਸੇਵਾਵਾਂ ਦੇ ਰਹੇ ਸੰਯੁਕਤ ਰਾਸ਼ਟਰ ਨਾਲ ਸਬੰਧਤ ਮਨੁੱਖੀ ਅਧਿਕਾਰਾਂ ਅਤੇ ਇਸ ਦੀ ਪੈਰਵੀ ਕਰਨ ਵਾਲੇ ਸੰਗਠਨ ਯੂਨਾਈਟਿਡ ਸਿੱਖਜ਼ ਦੇ ਵਾਲੰਟੀਅਰ ਪਿਛਲੇ ਤਿੰਨ ਹਫ਼ਤਿਆਂ ਤੋਂ ਰਾਹਤ ਕਾਰਜ ਅਤੇ ਮਨੁੱਖੀ ਮਦਦ ਲਈ ਡਟੇ ਹੋਏ ਹਨ। ਯੂਨਾਈਟਿਡ ਸਿੱਖਜ਼ ਸਿੱਖਾਂ ਦੀ ਇਕਲੌਤੀ ਸੰਸਥਾ ਹੈ, ਜੋ ਜੰਗ ਦੇ ਖ਼ਤਰੇ ਦੌਰਾਨ ਵੀ ਯੂਕਰੇਨ ਅਤੇ ਇਸ ਦੇ ਗੁਆਂਢੀ ਦੇਸ਼ ਪੋਲੈਂਡ ਵਿੱਚ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਹੈ। ਯੂਨਾਈਟਿਡ ਸਿੱਖਜ਼ ਦੇ ਅਮਰੀਕਾ, ਜਰਮਨੀ ਅਤੇ ਯੂਕੇ ਨਾਲ ਸਬੰਧਤ ਦਰਜਨ ਤੋਂ ਵੱਧ ਵਾਲੰਟੀਅਰਾਂ ਨੇ ਯੂਕਰੇਨ ਦੀ ਸਰਹੱਦ ਨੇੜੇ ਮੈਡੀਕਾ (ਪੋਲੈਂਡ) ਵਿੱਚ ਇੱਕ ਰਾਹਤ ਕੈਂਪ ਸਥਾਪਤ ਕੀਤਾ ਹੈ। ਯੂਨਾਈਟਿਡ ਸਿੱਖਜ਼ ਦੇ ਮਾਨਵਤਾਵਾਦੀ ਮਿਸ਼ਨ ਵੱਲੋਂ ਹੁਣ ਤੱਕ ਘੱਟੋ-ਘੱਟ ਇੱਕ ਲੱਖ ਸ਼ਰਨਾਰਥੀਆਂ ਦੀ ਮਦਦ ਕੀਤੀ ਜਾ ਚੁੱਕੀ ਹੈ ਅਤੇ ਹਾਲੇ ਵੀ ਰਾਹਤ ਕਾਰਜ ਜਾਰੀ ਹਨ। ਵਾਲੰਟੀਅਰਾਂ ਦੀਆਂ ਟੀਮਾਂ ਨਵ-ਜਨਮੇ ਬੱਚਿਆਂ ਲਈ ਗਰਮ ਕੱਪੜੇ, ਭੋਜਨ, ਸੈਨੀਟੇਸ਼ਨ ਕਿੱਟਾਂ, ਪਾਣੀ, ਰੋਜ਼ਾਨਾ ਵਰਤੋਂ ਦਾ ਸਾਮਾਨ ਅਤੇ ਇੱਥੋਂ ਤੱਕ ਕਿ ਖਿਡੌਣੇ ਵੀ ਮੁਹੱਈਆ ਕਰਵਾ ਰਹੀਆਂ ਹਨ। ਪਿਛਲੇ ਹਫ਼ਤੇ ਵਾਲੰਟੀਅਰਾਂ ਦੀ ਇੱਕ ਟੀਮ ਨੇ ਯੂਕੇ ਤੋਂ ਬੇਸ ਕੈਂਪ ਤੱਕ ਪਹੁੰਚਣ ਲਈ ਸਾਮਾਨ ਨਾਲ ਭਰੀ ਇੱਕ ਵਪਾਰਕ ਵੈਨ 36 ਘੰਟੇ ਤੱਕ ਚਲਾਈ, ਜਿਸ ਵਿੱਚ ਬਿਜਲੀ ਜਨਰੇਟਰ, ਵਾਟਰ ਪੰਪ, ਕੰਬਲ, ਰਜਾਈਆਂ, ਸਲੀਪਿੰਗ ਬੈਗ, ਸੈਨੇਟਰੀ ਪੈਡ, ਟੈਂਟ, ਸਟੋਵ ਅਤੇ ਭਾਂਡੇ ਆਦਿ ਸ਼ਾਮਲ ਸੀ। ਸੰਗਠਨ ਯੂਕਰੇਨ ਦੀ ਸਰਹੱਦ ‘ਤੇ ਆਰਜ਼ੀ ਰੈਣ ਬਸੇਰੇ ਮੁਹੱਈਆ ਕਰਵਾ ਰਿਹਾ ਹੈ। -ਆਈਏਐੱਨਐੱਸ