ਮੁੰਬਈ, 26 ਮਾਰਚ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਸਾਬਕਾ ਪੁਲੀਸ ਮੁਲਾਜ਼ਮ ਵਿਨਾਇਕ ਸ਼ਿੰਦੇ ਨੇ ਪਹਿਲੀ ਨਜ਼ਰੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣੀ ਮੁੰਬਈ ਸਥਿਤ ਰਿਹਾਇਸ਼ ਨੇੜੇ ਧਮਾਕਾਖੇਜ਼ ਸਮੱਗਰੀ ਰੱਖਣ ਦੀ ਸਾਜ਼ਿਸ਼ ਵਿੱਚ ਹਿੱਸਾ ਲਿਆ ਸੀ ਅਤੇ ਫਰਜ਼ੀ ਮੁਕਾਬਲਾ ਮਾਮਲੇ ਵਿੱਚ ਮਿਲੀ ਪੈਰੋਲ ਦੀ ‘ਜਾਣ-ਬੁੱਝ ਕੇ’ ਦੁਰਵਰਤੋਂ ਕੀਤੀ ਸੀ। ਵਿਸ਼ੇਸ਼ ਜੱਜ ਏ ਟੀ ਵਾਨਖੇੜੇ ਨੇ ਮੰਗਲਵਾਰ ਨੂੰ ਸ਼ਿੰਦੇ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਇਹ ਟਿੱਪਣੀ ਕੀਤੀ ਸੀ। ਆਦੇਸ਼ ਦੇ ਵੇਰਵੇ ਅੱਜ ਉਪਲਬਧ ਕਰਵਾਏ ਗਏ। ਰਾਮਨਾਰਾਇਣ ਗੁਪਤਾ ਉਰਫ਼ ਲਖਨ ਭਈਆ ਦੇ ਫ਼ਰਜ਼ੀ ਮੁਕਾਬਲਾ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸ਼ਿੰਦੇ ਪਿਛਲੇ ਸਾਲ ਫਰਵਰੀ ਵਿੱਚ ਐਂਟੀਲੀਆ ਬੰਬ ਕਾਂਡ ਦੀ ਘਟਨਾ ਮੌਕੇ ਪੈਰੋਲ ‘ਤੇ ਬਾਹਰ ਸੀ। ਸਾਬਕਾ ਪੁਲੀਸ ਮੁਲਾਜ਼ਮ ਨੇ ਇਸ ਆਧਾਰ ‘ਤੇ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ ਕਿ ਉਸ ਨੂੰ ਇਸ ਮਾਮਲੇ ਵਿੱਚ ‘ਝੂਠਾ’ ਫਸਾਇਆ ਗਿਆ ਹੈ ਅਤੇ ਸਿਰਫ਼ ਅੰਦਾਜ਼ੇ ਅਤੇ ਧਾਰਨਾ ਦੇ ਆਧਾਰ ‘ਤੇ ਮੁਲਜ਼ਮ ਬਣਾਇਆ ਗਿਆ ਹੈ। ਹਾਲਾਂਕਿ, ਸਰਕਾਰੀ ਵਕੀਲ ਨੇ ਸ਼ਿੰਦੇ ਦੀ ਪਟੀਸ਼ਨ ਦਾ ਵਿਰੋਧ ਕੀਤਾ। -ਪੀਟੀਆਈ