ਰਾਮਬਨ/ਜੰਮੂ, 26 ਮਾਰਚ
ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਸਰਕਾਰ ਨੂੰ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਆਪਣੇ ਸੱਦੇ ਨੂੰ ਦੁਹਰਾਉਂਦਿਆਂ ਉਨ੍ਹਾਂ ਅੱਜ ਕਿਹਾ ਕਿ ਜਦੋਂ ਤੱਕ ਕਸ਼ਮੀਰ ਮੁੱਦਾ ਅਣਸੁਲਝਿਆ ਰਹੇਗਾ, ਸ਼ਾਂਤੀ ਨਹੀਂ ਆਵੇਗੀ। ਮਹਿਬੂਬਾ ਨੇ ਲੋਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਪਕਰ ਗੱਠਜੋੜ (ਪੀਏਜੀਡੀ) ਦੀਆਂ ਪਾਰਟੀਆਂ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ ਤਾਂ ਕਿ ਭਾਜਪਾ ਦੀਆਂ ਸੱਤਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ ਜਾ ਸਕਣ। ਗੁਪਕਰ ਕਈ ਪਾਰਟੀਆਂ ਦਾ ਗਠਜੋੜ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, ”ਕਸ਼ਮੀਰ ਪਿਛਲੇ 70 ਸਾਲਾਂ ਤੋਂ ਹੱਲ ਕੱਢੇ ਜਾਣ ਦੀ ਉਡੀਕ ਵਿੱਚ ਹੈ… ਜਦੋਂ ਤੱਕ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਇਸ ਖੇਤਰ ਵਿੱਚ ਸ਼ਾਂਤੀ ਨਹੀਂ ਆਵੇਗੀ ਅਤੇ ਇਸ ਲਈ ਪਾਕਿਸਤਾਨ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਚਲਾਉਣੀ ਜ਼ਰੂਰੀ ਹੈ।” -ਪੀਟੀਆਈ