ਬਾਸੇਲ: ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸਵਿਸ ਓਪਨ ਸੁਪਰ 300 ਟੂਰਨਾਮੈਂਟ ਜਿੱਤ ਲਿਆ ਹੈ। ਉਸ ਨੇ ਫਾਈਨਲ ਵਿਚ ਅੱਜ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਨੂੰ ਹਰਾ ਕੇ ਮੌਜੂਦਾ ਸੈਸ਼ਨ ਦਾ ਆਪਣਾ ਦੂਜਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਲਿਆ। ਟੂਰਨਾਮੈਂਟ ਵਿਚ ਆਪਣਾ ਲਗਾਤਾਰ ਦੂਜਾ ਫਾਈਨਲ ਖੇਡ ਰਹੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਇੱਥੇ ਸੇਂਟ ਜੈਕਬਸ਼ਾਲੇ ਵਿਚ ਚੌਥਾ ਦਰਜਾ ਪ੍ਰਾਪਤ ਥਾਈਲੈਂਡ ਦੀ ਖਿਡਾਰਨ ਨੂੰ 49 ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-16, 21-8 ਨਾਲ ਹਰਾ ਦਿੱਤਾ। ਬੁਸਾਨਨ ਖ਼ਿਲਾਫ਼ 17 ਮੈਚਾਂ ਵਿਚ ਇਹ ਸਿੰਧੂ ਦੀ 16ਵੀਂ ਜਿੱਤ ਹੈ। ਸਿੰਧੂ ਪਿਛਲੇ ਸੈਸ਼ਨ ਵਿਚ ਫਾਈਨਲ ‘ਚ ਰੀਓ ਓਲੰਪਿਕ ਦੀ ਸੋਨ ਤਗਮਾ ਜੇਤੂ ਸਪੇਨ ਦੀ ਕੈਰੋਲੀਨਾ ਮਾਰਿਨ ਤੋਂ ਹਾਰ ਗਈ ਸੀ। ਹੈਦਰਾਬਾਦ ਦੀ 26 ਸਾਲਾ ਖਿਡਾਰਨ ਨੇ 2019 ਵਿਚ ਇਸੇ ਥਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ ਜਿੱਤਿਆ ਸੀ। ਸਿੰਧੂ ਨੇ ਮੈਚ ਦੀ ਸ਼ੁਰੂਆਤ ਵਿਚ ਹੀ ਹਮਲਾਵਰ ਰੁਖ਼ ਅਪਣਾਇਆ ਤੇ 3-0 ਦੀ ਲੀਡ ਬਣਾ ਲਈ। ਦੂਜਾ ਸੈੱਟ ਭਾਰਤੀ ਖਿਡਾਰਨ ਨੇ ਆਸਾਨੀ ਨਾਲ ਆਪਣੇ ਨਾਂ ਕਰ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਹੈ। -ਪੀਟੀਆਈ