ਇਸਲਾਮਾਬਾਦ, 29 ਮਾਰਚ
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸ਼ੇਖ ਰਸ਼ੀਦ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਵੋਟਿੰਗ 3 ਅਪਰੈਲ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਿਰੋਧੀ ਧਿਰਾਂ ਨੇ ਕੌਮੀ ਅਸੈਂਬਲੀ ਦੇ ਸੈਸ਼ਨ ਦੌਰਾਨ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਸੀ। ਸ਼ੇਖ ਰਸ਼ੀਦ ਨੇ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੇਭਰੋਸਗੀ ਮਤੇ ‘ਤੇ ਬਹਿਸ 31 ਮਾਰਚ ਨੂੰ ਹੋਵੇਗੀ ਅਤੇ ਵੋਟਿੰਗ 3 ਅਪਰੈਲ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲ-ਕਿਊ) ਸਣੇ ਕਈ ਪਾਰਟੀਆਂ ਇਮਰਾਨ ਖਾਨ ਦੀ ਹਮਾਇਤ ਵਿੱਚ ਨਿੱਤਰਣਗੀਆਂ ਤੇ ਇਮਰਾਨ ਖਾਨ ਇਸ ਬੇਭਰੋਸਗੀ ਮਤੇ ਨੂੰ ਮਾਤ ਦੇਣ ਵਿੱਚ ਸਫਲ ਹੋਣਗੇ। -ਪੀਟੀਆਈ