ਨਿਊਯਾਰਕ, 29 ਮਾਰਚ
ਅਮਰੀਕੀ ਸੰਘੀ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਸੱਤ ਲੋਕਾਂ ‘ਤੇ 10 ਡਾਲਰ ਤੋਂ ਵੱਧ ਦਾ ਗੈਰ-ਕਾਨੂੰਨੀ ਲਾਭ ਕਮਾਉਣ ਦੇ ਦੋਸ਼ ਲਗਾਏ ਹਨ। ਇਨ੍ਹਾਂ ‘ਤੇ ਦੋਸ਼ ਹੈ ਇਨ੍ਹਾਂ ਨੇ ਕੰਪਨੀ ਦੇ ਭੇਤ ਇਕ ਦੂਜੇ ਨਾਲ ਸਾਂਝੇ ਕਰਕੇ ਧੋਖਾ ਕੀਤਾ ਹੈ। ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਨੇ ਕਿਹਾ ਕਿ ਹਰੀ ਪ੍ਰਸਾਦ ਸੁਰੇ (34), ਲੋਕੇਸ਼ ਲਾਗੁਡੂ (31) ਅਤੇ ਛੋਟੂ ਪ੍ਰਭੂ ਤੇਜ ਪੁਲਾਗਾਮ (29) ਦੋਸਤ ਹਨ ਅਤੇ ਉਹ ਸਾਂ ਫਰਾਂਸਿਸਕੋ ਸਥਿਤ ਕਲਾਊਡ ਕੰਪਿਊਟਿੰਗ ਸੰਚਾਰ ਕੰਪਨੀ ਟਵਿਲੀਓ ਵਿੱਚ ਸਾਫਟਵੇਅਰ ਇੰਜਨੀਅਰ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੁਰੇ ਨੇ ਕੰਪਨੀ ਦੇ ਸਟਾਕ ਦੇ ਵੇਰਵੇ ਆਪਣੇ ਕਰੀਬੀ ਦੋਸਤ ਦਿਲੀਪ ਕੁਮਾਰ ਰੈੱਡੀ ਕਮੂਜੁਲਾ (35) ਨੂੰ ਦਿੱਤੇ ਸਨ, ਜਿਸ ਨੇ ਟਵਿਲੀਓ ਦੇ ਸਟਾਕ ਵਿੱਚ ਨਿਵੇਸ਼ ਕਰਕੇ ਮੁਨਾਫਾ ਕਮਾਇਆ ਸੀ। ਇਸੇ ਤਰ੍ਹਾਂ ਲਾਗੂਡੂ ਨੇ ਆਪਣੇ ਨਾਲ ਰਹਿ ਰਹੇ ਆਪਣੇ ਦੋਸਤ ਸਾਈ ਨੇਕਾਲਾਪੁਡੀ (30) ਨੂੰ ਸ਼ੇਅਰ ਬਾਜ਼ਾਰ ਬਾਰੇ ਜਾਣਕਾਰੀ ਦਿੱਤੀ। ਲਗੂਡੂ ਨੇ ਆਪਣੇ ਕਰੀਬੀ ਦੋਸਤ ਅਭਿਸ਼ੇਕ ਧਰਮਪੁਰੀਕਰ (33) ਨੂੰ ਕੰਪਨੀ ਦੇ ਸ਼ੇਅਰਾਂ ਬਾਰੇ ਅੰਦਰੂਨੀ ਜਾਣਕਾਰੀ ਵੀ ਦਿੱਤੀ। ਪੁਲਾਗਾਮ ਨੇ ਆਪਣੇ ਭਰਾ ਚੇਤਨ ਪ੍ਰਭੂ ਪੁਲਾਗਮ (31) ਨੂੰ ਕੰਪਨੀ ਦੇ ਸਟਾਕ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੱਤੀ। ਸਾਰੇ ਸੱਤ ਮੁਲਜ਼ਮ ਕੈਲੀਫੋਰਨੀਆ ਦੇ ਵਸਨੀਕ ਹਨ।