ਮੁੰਬਈ, 26 ਮਾਰਚ
ਕੋਲਕਾਤਾ ਨਾਈਟ ਰਾਈਡਜ਼ ਨੇ ਅੱਜ ਇੱਥੇ 15ਵੇਂ ਆਈਪੀਐੱਲ ਦੇ ਪਲੇਠੇ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਜੇਤੂ ਆਗਾਜ਼ ਕੀਤਾ ਹੈ। ਚੇਨੱਈ ਸੁਪਰਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ ਸਨ। ਇਸ ਵਿੱਚ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 38 ਗੇਂਦਾਂ ਵਿੱਚ ਸੱਤ ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ ਅਰਧ ਸੈਂਕੜਾ ਜੜਿਆ ਸੀ। ਧੋਨੀ ਨੇ ਛੇਵੀਂ ਵਿਕਟ ਲਈ ਕਪਤਾਨ ਰਵਿੰਦਰ ਜਡੇਜਾ ਨਾਲ 66 ਦੌੜਾਂ ਦੀ ਭਾਈਵਾਲੀ ਕੀਤੀ ਸੀ। ਜਡੇਜਾ ਨੇ 28 ਗੇਂਦਾਂ ‘ਤੇ 26 ਦੌੜਾਂ ਅਤੇ ਰੌਬਿਨ ਉਥਾਪਾ ਨੇ 21 ਗੇਂਦਾਂ ‘ਚ 28 ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਗੇਂਦਬਾਜ਼ ਉਮੇਸ਼ ਯਾਦਵ ਨੇ ਦੋ, ਜਦੋਂਕਿ ਵਰੁਨ ਚੱਕਰਵਰਤੀ ਅਤੇ ਆਂਦਰੇ ਰੱਸਲ ਨੇ ਇੱਕ-ਇੱਕ ਵਿਕਟ ਲਈ।ਕੋਲਕਾਤਾ ਨੇ 18.3 ਓਵਰਾਂ ਵਿੱਚ ਹੀ 133 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।
ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਨੇ 44, ਵੈਂਕਟੇਸ਼ ਅਈਅਰ ਨੇ 16, ਨਿਤੀਸ਼ ਰਾਣਾ ਨੇ 21 ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਨਾਬਾਦ 20 ਦੌੜਾਂ ਬਣਾਈਆਂ। ਚੇਨੱਈ ਦੇ ਗੇਂਦਬਾਜ਼ ਡਵੈਨ ਬਰਾਵੋ ਨੇ ਤਿੰਨ ਅਤੇ ਮਿਸ਼ੇਲ ਸੈਂਟਨਰ ਨੇ ਇੱਕ ਵਿਕਟ ਲਈ।