ਮੁੰਬਈ, 2 ਅਪਰੈਲ
ਕਰੂਜ਼ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਸੁਤੰਤਰ ਗਵਾਹ ਪ੍ਰਭਾਕਰ ਸੈਲ ਦੀ ਮਹਾਰਾਸ਼ਟਰ ਦੇ ਚੈਂਬੂਰ ਉਪਨਗਰ ਵਿੱਚ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲੀਸ ਨੇ ਦੱਸਿਆ, ’37 ਸਾਲਾ ਪ੍ਰਭਾਕਰ ਸੈਲ ਦੀ ਸ਼ੁੱਕਰਵਾਰ ਸ਼ਾਮ ਨੂੰ ਚੈਂਬੂਰ ਸਥਿਤ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।’ ਸੈਲ ਨੂੰ ਘਾਟਕੋਪਰ ਦੇ ਰਜਵਾੜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਲ ਦੇ ਵਕੀਲ ਤੁਸ਼ਾਰ ਖੰਡਾਰੇ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਸੈਲ ਦੇ ਪਰਿਵਾਰ ਨੂੰ ਕਿਸੇ ਸਾਜ਼ਿਸ਼ ਦਾ ਖਦਸ਼ਾ ਨਹੀਂ ਹੈ। ਸੈਲ ਨੇ ਕਰੂਜ਼ ਡਰੱਗਜ਼ ਮਾਮਲੇ ਵਿੱਚ ਐੱਨਸੀਬੀ ਦੇ ਗਵਾਹ ਕੇਪੀ ਗੋਸਾਵੀ ਦਾ ਬਾਡੀਗਾਰਡ ਹੋਣ ਦਾ ਦਾਅਵਾ ਕੀਤਾ ਸੀ।