ਨਵੀਂ ਦਿੱਲੀ, 1 ਅਪਰੈਲ
ਹਥਿਆਰਬੰਦ ਬਲਾਂ ਬਾਰੇ ਵਿਸ਼ੇਸ਼ ਅਧਿਕਾਰ ਐਕਟ ਅਫ਼ਸਪਾ ਹੁਣ ਉੱਤਰ-ਪੂਰਬ ਦੇ ਚਾਰ ਸੂਬਿਆਂ ਅਸਾਮ, ਨਾਗਾਲੈਂਡ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਸਿਰਫ਼ 31 ਜ਼ਿਲ੍ਹਿਆਂ ‘ਚ ਪੂਰੀ ਤਰ੍ਹਾਂ ਅਤੇ 12 ਜ਼ਿਲ੍ਹਿਆਂ ‘ਚ ਅੰਸ਼ਕ ਤੌਰ ‘ਤੇ ਲਾਗੂ ਰਹੇਗਾ। ਇਨ੍ਹਾਂ ਚਾਰ ਸੂਬਿਆਂ ‘ਚ ਕੁੱਲ 90 ਜ਼ਿਲ੍ਹੇ ਹਨ। ਅਫ਼ਸਪਾ ਮੇਘਾਲਿਆ ਤੋਂ 2018 ‘ਚ, ਤ੍ਰਿਪੁਰਾ ‘ਚੋਂ 2015 ਅਤੇ 1980 ਦੇ ਦਹਾਕੇ ‘ਚ ਮਿਜ਼ੋਰਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਲਿਆ ਗਿਆ ਸੀ। ਉੱਤਰ-ਪੂਰਬ ‘ਚ ਅਫ਼ਸਪਾ ਤਹਿਤ ਐਲਾਨੇ ‘ਅਸ਼ਾਂਤ ਖੇਤਰਾਂ’ ਦੀ ਗਿਣਤੀ ‘ਚ ਕਟੌਤੀ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀਰਵਾਰ ਨੂੰ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਜਾਰੀ ਦੋ ਵੱਖ ਵੱਖ ਨੋਟੀਫਿਕੇਸ਼ਨਾਂ ‘ਚ ਜਾਣਕਾਰੀ ਦਿੱਤੀ ਕਿ ਨਾਗਾਲੈਂਡ ਦੇ ਦੀਮਾਪੁਰ, ਨਿਯੂਲੈਂਡ, ਚੂਮੋਕੇਦਿਮਾ, ਮੋਨ, ਕਿਫਿਰੇ, ਨੋਕਲਾਕ, ਫੇਕ, ਪੇਰੇਨ ਅਤੇ ਜ਼ੁਨਹੇਬੋਟੋ ਜ਼ਿਲ੍ਹਿਆਂ ਨੂੰ ਪਹਿਲੀ ਅਪਰੈਲ ਤੋਂ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਕੋਹਿਮਾ, ਮੋਕੋਕਚੁੰਗ, ਲੋਂਗਲੇਂਗ ਅਤੇ ਵੋਖਾ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਨੂੰ ਅਸ਼ਾਂਤ ਐਲਾਨਿਆ ਗਿਆ ਹੈ। ਨਾਗਾਲੈਂਡ ‘ਚ 15 ਜ਼ਿਲ੍ਹੇ ਹਨ ਅਤੇ 1995 ਤੋਂ ਪੂਰੇ ਸੂਬੇ ਨੂੰ ਅਸ਼ਾਂਤ ਖੇਤਰ ਐਲਾਨਿਆ ਗਿਆ ਸੀ। ਅਰੁਣਾਚਲ ਪ੍ਰਦੇਸ਼ ਲਈ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਤਿਰਪ, ਚਾਂਗਲਾਂਗ ਅਤੇ ਲੋਂਗਿੰਗ ਜ਼ਿਲ੍ਹੇ ਅਤੇ ਅਸਾਮ ਦੀ ਸਰਹੱਦ ਨਾਲ ਲੱਗਣ ਵਾਲੇ ਨਾਮਸਾਈ ਜ਼ਿਲ੍ਹੇ ‘ਚ ਨਾਮਸਾਈ ਅਤੇ ਮਹਾਦੇਵੂਰ ਪੁਲੀਸ ਸਟੇਸ਼ਨਾਂ ਹੇਠ ਪੈਂਦੇ ਖੇਤਰਾਂ ਨੂੰ ਪਹਿਲੀ ਅਪਰੈਲ ਤੋਂ ਛੇ ਮਹੀਨਿਆਂ ਲਈ ਅਸ਼ਾਂਤ ਐਲਾਨਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ‘ਚ 26 ਜ਼ਿਲ੍ਹੇ ਹਨ। ਅਸਾਮ ਲਈ ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ 23 ਜ਼ਿਲ੍ਹਿਆਂ ‘ਚੋਂ ਪੂਰੀ ਤਰ੍ਹਾਂ ਅਤੇ ਇਕ ਸਬ-ਡਿਵੀਜ਼ਨ ‘ਚੋਂ ਅੰਸ਼ਕ ਤੌਰ ‘ਤੇ ਅਫ਼ਸਪਾ ਹਟਾ ਲਿਆ ਗਿਆ ਹੈ। ਅਸਾਮ ਦੇ 9 ਜ਼ਿਲ੍ਹਿਆਂ ਤਿਨਸੁਕੀਆ, ਡਿਬਰੂਗੜ੍ਹ, ਚਰਾਈਦੇਵ, ਸ਼ਿਵਸਾਗਰ, ਜੋਰਹਾਟ, ਗੋਲਾਘਾਟ, ਕਾਰਬੀ ਅੰਗਲੋਂਗ, ਵੈਸਟ ਕਾਰਬੀ ਅੰਗਲੋਂਗ, ਦੀਮਾ ਹਸਾਓ ਅਤੇ ਕਛਾਰ ਜ਼ਿਲ੍ਹੇ ਦੇ ਲਖੀਪੁਰ ਸਬ-ਡਿਵੀਜ਼ਨ ‘ਚ ਅਫ਼ਸਪਾ ਲਾਗੂ ਰਹੇਗਾ। ਮਨੀਪੁਰ ਸਰਕਾਰ ਨੇ ਵੀ ਅਜਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਇੰਫਾਲ ਵੈਸਟ ਜ਼ਿਲ੍ਹੇ ਦੇ ਸੱਤ ਪੁਲੀਸ ਸਟੇਸ਼ਨਾਂ ਹੇਠ ਪੈਂਦੇ ਇਲਾਕੇ ਹੁਣ ਅਸ਼ਾਂਤ ਖੇਤਰ ਨਹੀਂ ਰਹਿਣਗੇ। ਇਸ ਤੋਂ ਇਲਾਵਾ ਇੰਫਾਲ ਵੈਸਟ ਜ਼ਿਲ੍ਹੇ ਦੇ ਚਾਰ ਪੁਲੀਸ ਸਟੇਸ਼ਨਾਂ ਹੇਠ ਆਉਂਦੇ ਇਲਾਕਿਆਂ ਅਤੇ ਥੁਬਲ, ਵਿਸ਼ਨੂਪੁਰ ਕਾਕਚਿੰਗ ਅਤੇ ਜਿਰੀਬਾਮ ਜ਼ਿਲ੍ਹੇ ਦੇ ਇਕ-ਇਕ ਪੁਲੀਸ ਸਟੇਸ਼ਨ ਹੇਠ ਆਉਂਦੇ ਇਲਾਕੇ ਨੂੰ ਵੀ ਅਫ਼ਸਪਾ ਤੋਂ ਮੁਕਤ ਕਰ ਦਿੱਤਾ ਗਿਆ ਹੈ। -ਪੀਟੀਆਈ