ਅਮਰਾਵਤੀ, 5 ਅਪਰੈਲ
ਮਹਾਰਾਸ਼ਟਰ ਦੇ ਭਾਜਪਾ ਆਗੂ ਅਤੇ ਸਾਬਕਾ ਸੂਬਾਈ ਮੰਤਰੀ ਅਨਿਲ ਬੌਂਡੇ ਨੂੰ ਸਾਲ 2016 ਵਿੱਚ ਇੱਥੋਂ ਦੇ ਇੱਕ ਨਾਇਬ ਤਹਿਸੀਲਦਾਰ ਨਾਲ ਮਾਰਕੁੱਟ ਕਰਨ, ਅਪਸ਼ਬਦ ਬੋਲਣ ਅਤੇ ਧਮਕਾਉਣ ਦੇ ਮਾਮਲੇ ਵਿੱਚ ਅੱਜ ਤਿੰਨ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਗਈ ਹੈ। ਇਸ ਦੇ ਨਾਲ ਹੀ ਦਸ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਨਾ ਚੁਕਾਉਣ ਦੀ ਸੂਰਤ ਵਿੱਚ ਇੱਕ ਮਹੀਨਾ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ।
ਇਸਤਗਾਸਾ ਪੱਖ ਅਨੁਸਾਰ, ਬੌਂਡੇ ਨੇ ਉਸ ਸਾਲ 30 ਸਤੰਬਰ ਨੂੰ ਵਾਰਾਦ ਦੇ ਸ਼ਿਕਾਇਤਕਰਤਾ ਨਾਇਬ ਤਹਿਸੀਲਦਾਰ ਨੰਦਕਿਸ਼ੋਰ ਵਾਸੂਦੇਰਾਓ ਕਾਲੇ ‘ਤੇ ਸ਼੍ਰਵਨ ਬਾਲ ਯੋਜਨਾ ਤਹਿਤ 240 ਅਰਜ਼ੀਆਂ ਨੂੰ ਰੱਦ ਕਰਨ ਦਾ ਦੋਸ਼ ਲਗਾ ਕੇ ਮਾਰਕੁਟ ਕੀਤੀ ਸੀ ਅਤੇ ਧਮਕਾਇਆ ਸੀ। ਜ਼ਿਲ੍ਹਾ ਤੇ ਸੈਸ਼ਨ ਕੋਰਟ ਨੰਬਰ-1 ਦੇ ਜੱਜ ਐੱਸਐੱਸ ਅਦਕਰ ਨੇ ਬੌਂਡੇ ਨੂੰ ਆਈਪੀਸੀ ਦੀਆਂ ਧਾਰਾਵਾਂ 332 ਅਤੇ 504 ਤਹਿਤ ਦੋਸ਼ੀ ਠਹਿਰਾਉਂਦਿਆਂ ਇਹ ਸਜ਼ਾ ਸੁਣਾਈ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਬੌਂਡੇ ਦੇ ਵਕੀਲ ਵੱਲੋਂ ਅਰਜ਼ੀ ਦੇਣ ਮਗਰੋਂ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। -ਪੀਟੀਆਈ