ਮੁੰਬਈ: ਲੇਖਕ ਅਤੇ ਸਾਬਕਾ ਬੌਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਕਸ਼ਮੀਰ ਫਾਈਲਜ਼ ਦਾ ‘ਮਜ਼ਾਕ’ ਉਡਾਉਣ ‘ਤੇ ਆਲੋਚਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਉਸ ਨੇ ਇਹ ਟਿੱਪਣੀਆਂ ਆਪਣੇ 3 ਅਪਰੈਲ ਨੂੰ ਆਪਣੇ ਐਤਵਾਰੀ ਕਾਲਮ ‘ਚ ‘ਕੀ ਸਮਿੱਥ ਭਾਰਤ ਤੋਂ ਥੱਪੜ ਦਾ ਸਬਕ ਸਿੱਖੇਗਾ?’ ਸਿਰਲੇਖ ਹੇਠ ਕੀਤੀਆਂ ਹਨ। ਉਸ ਨੇ ਵਿਅੰਗ ਕਸਦਿਆਂ ਆਖਿਆ ਕਿ ਉਹ 1990 ਦੇ ਦਹਾਕੇ ਵਿੱਚ ਵਾਦੀ ‘ਚੋਂ ਕਸ਼ਮੀਰੀ ਪੰਡਤਾਂ ਦੇ ਉਜਾੜੇ ‘ਤੇ ਆਧਾਰਿਤ ਫ਼ਿਲਮ ‘ਨੇਲ ਫਾਈਲਜ਼’ ਬਣਾਉਣ ਬਾਰੇ ਵਿਚਾਰ ਕਰ ਰਹੀ ਸੀ ਜਿਸ ਦਾ ਨਾਮ ਉਸ ਨੇ ਹਾਲ ਵਿੱਚ ਆਈ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਕਸ਼ਮੀਰ ਫਾਈਲ’ ਤੋਂ ਪ੍ਰੇਰਿਤ ਹੋ ਕੇ ਰੱਖਿਆ ਹੈ। ਉਸ ਨੇ ਆਖਿਆ ਕਿ ਫ਼ਿਲਮ ਦੀ ਕਹਾਣੀ ਨਹੁੰਆਂ ਦੀ ਸਾਫ਼ ਸਫਾਈ ਦੁਆਲੇ ਘੁੰਮ ਸਕਦੀ ਹੈ ਪਰ ਇਹ ਤਾਬੂਤ ਵਿੱਚ ਫਿਰਕੂ ਕਿੱਲ ਠੋਕਣ ਨਾਲੋਂ ਬਿਹਤਰ ਹੋਵੇਗਾ। ਉਸ ਨੇ ਹੋਰ ਆਖਿਆ ਕਿ ‘ਕਸ਼ਮੀਰ ਫਾਈਲਜ਼’ ਦੇ ਹਿੱਟ ਹੋਣ ਤੋਂ ਬਾਅਦ ਕਈ ਨਿਰਦੇਸ਼ਕ ਇਹੋ ਜਿਹੇ ਮਿਲਦੇ ਨਾਵਾਂ ਵਾਲੀਆਂ ਫ਼ਿਲਮਾਂ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈਆਂ ਨੇ ਟਵਿੰਕਲ ਦੀ ਨੈਤਿਕਤਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਟਵੀਟ ਕਰ ਕੇ ਟਵਿੰਕਲ ਨੂੰ ਕਿਹਾ ਕਿ ਉਹ ਸੱਤ ਲੱਖ ਕਸ਼ਮੀਰੀ ਪੰਡਤਾਂ ਦੀ ਨਸਲਕੁਸ਼ੀ ਪ੍ਰਤੀ ਇੰਨੀ ਸੰਵੇਦਨਹੀਣ ਨਾ ਹੋਵੇ। ਟਵਿੰਕਲ ਦੀਆਂ ਟਿੱਪਣੀਆਂ ਉਸ ਦੇ ਪਤੀ ਅਕਸ਼ੈ ਕੁਮਾਰ ਦੇ ਫਿਲਮ ਦੀ ਸਫਲਤਾ ‘ਤੇ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਨੂੰ ਵਧਾਈ ਦੇਣ ਤੋਂ ਕੁਝ ਹਫ਼ਤਿਆਂ ਬਾਅਦ ਆਈਆਂ ਹਨ। -ਪੀਟੀਆਈ