ਦੁਬਈ, 5 ਅਪਰੈਲ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਜਾਰੀ ਹੋਈ ਆਈਸੀਸੀ ਮਹਿਲਾ ਇੱਕ ਰੋਜ਼ਾ ਕੌਮਾਂਤਰੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਇੱਕ ਸਥਾਨ ਪਛੜ ਕੇ ਸੱਤਵੇਂ ਸਥਾਨ ‘ਤੇ ਖਿਸਕ ਗਈ। ਉਧਰ ਸਟਾਰ ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ ਅੱਗੇ ਵਧਦੀ ਹੋਈ ਨੌਵੇਂ ਸਥਾਨ ‘ਤੇ ਪਹੁੰਚ ਗਈ। ਹਾਲ ਹੀ ਵਿੱਚ ਸਮਾਪਤ ਹੋਏ ਮਹਿਲਾ ਵਿਸ਼ਵ ਕੱਪ ਵਿੱਚ ਉਮੀਦ ਨਾਲੋਂ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੀ ਮਿਥਾਲੀ ਦੇ 686 ਅੰਕ ਹਨ। ਉਹ ਵਿਸ਼ਵ ਕੱਪ ਦੇ ਸੱਤ ਮੈਚਾਂ ਵਿੱਚ 26 ਦੀ ਔਸਤ ਨਾਲ 182 ਦੌੜਾਂ ਹੀ ਬਣਾ ਸਕੀ। ਮੰਧਾਨਾ ਨੇ ਵਿਸ਼ਵ ਕੱਪ ਦੇ ਸੱਤ ਮੈਚਾਂ ਵਿੱਚ 46.71 ਦੀ ਔਸਤ ਨਾਲ 327 ਦੌੜਾਂ ਬਣਾਈਆਂ। ਇਸ ਨਾਲ ਉਸ ਦੇ 669 ਅੰਕ ਹੋ ਗਏ। ਭਾਰਤੀ ਉਪ ਕਪਤਾਨ ਹਰਮਨਪ੍ਰੀਤ ਕੌਰ ਵੀ ਇੱਕ ਸਥਾਨ ਦੇ ਲਾਭ ਨਾਲ 14ਵੇਂ ਸਥਾਨ ‘ਤੇ ਪਹੁੰਚ ਗਈ। ਉਹ ਵਿਸ਼ਵ ਕੱਪ ਵਿੱਚ ਸੱਤ ਮੈਚਾਂ 318 ਦੌੜਾਂ ਬਣਾ ਕੇ ਭਾਰਤ ਵੱਲੋਂ ਦੂਜੀ ਵਧੀਆ ਬੱਲੇਬਾਜ਼ ਰਹੀ। ਇੰਗਲੈਂਡ ਖ਼ਿਲਾਫ਼ ਫਾਈਨਲ ਵਿੱਚ 170 ਦੌੜਾਂ ਦੀ ਪਾਰੀ ਦੀ ਬਦੌਲਤ ਆਸਟਰੇਲੀਆ ਵੀ ਵਿਕਟਕੀਪਰ ਬੱਲੇਬਾਜ਼ ਅਲੀਸਾ ਹੀਲ ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖਰਲੇ ਸਥਾਨ ‘ਤੇ ਪਹੁੰਚ ਗਈ ਹੈ। ਉਸ ਨੇ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਾਰਾ ਵੋਲਵਾਰਟ ਨੂੰ ਪਛਾੜਿਆ। ਵਿਸ਼ਵ ਕੱਪ ਵਿੱਚ ਫਾਈਟਲ ਵਿੱਚ ਅਜੇਤੂ 148 ਦੌੜਾਂ ਬਣਾਉਣ ਵਾਲੀ ਇੰਗਲੈਂਡ ਦੀ ਆਲਰਾਊਂਡਰ ਨੈੱਟ ਸਾਈਬਰ ਦੂਸਰੇ ਸਥਾਨ ‘ਤੇ ਪਹੁੰਚ ਗਈ ਹੈ। ਉਹ ਐਲਿਸ ਪੈਰੀ ਨੂੰ ਪਛਾੜ ਕੇ ਆਲਰਾਊਂਡਰ ਸੂਚੀ ਵਿੱਚ ਸਿਖਰਲੇ ਕਦਮ ‘ਤੇ ਹੈ। ਇੰਗਲੈਂਡ ਦੀ ਸਪਿੰਨਰ ਸੋਫੀ ਅਕਲੇਸਟੋਨ ਨੰਬਰ ਇੱਕ ਗੇਂਦਬਾਜ਼ ਬਣੀ , ਜਦੋਂਕਿ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਵੀਨਮ ਇਸਮਾਈਲ ਦੋਇਮ ਰਹੀ। ਭਾਰਤ ਦੀ ਝੂਲਨ ਗੋਸਵਾਮੀ ਪੰਜਵੇਂ ਸਥਾਨ ‘ਤੇ ਬਣੀ ਹੋਈ ਹੈ। ਉਹ ਆਲਰਾਊਂਡਰ ਸੂਚੀ ਵਿੱਚ 10ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿੱਚ ਭਾਰਤ ਦੀ ਦੀਪਤੀ ਸ਼ਰਮਾ ਸੱਤਵੇਂ ਸਥਾਨ ‘ਤੇ ਹੈ। -ਪੀਟੀਆਈ