ਸਤਵਿੰਦਰ ਬਸਰਾ
ਲੁਧਿਆਣਾ, 7 ਅਪਰੈਲ
ਪੀ.ਏ.ਯੂ. ਦੀਆਂ 55ਵੀਂਆਂ ਸਾਲਾਨਾ ਖੇਡਾਂ ਅੱਜ ਸਮਾਪਤ ਹੋ ਗਈਆਂ। ਇਸ ਮੌਕੇ ਖੇਤੀਬਾੜੀ ਕਾਲਜ ਦੇ ਅਰਸ਼ਦੀਪ ਸਿੰਘ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਸਰਵੋਤਮ ਅਥਲੀਟ ਚੁਣੇ ਗਏ। ਸਮਾਪਤੀ ਸਮਾਗਮ ਦੀ ਪ੍ਰਧਾਨਗੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਪੀਏਯੂ ਦੀ ਇਸ ਵਾਰ ਦੀ ਅਥਲੈਟਿਕ ਮੀਟ ਵਿੱਚ ਬਹੁਤ ਸਾਰੇ ਪੁਰਾਣੇ ਰਿਕਾਰਡ ਟੁੱਟੇ ਹਨ। ਹਰਲੀਨ ਕੌਰ ਨੇ ਲੜਕੀਆਂ ਦੇ ਬਰੌਡ ਜੰਪ ਮੁਕਾਬਲੇ ਵਿੱਚ 44 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਇਸ ਤੋਂ ਇਲਾਵਾ ਉਸ ਨੇ 200 ਮੀਟਰ ਦੌੜ ਵਿੱਚ ਵੀ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਕਮਿਊਨਟੀ ਸਾਇੰਸ ਕਾਲਜ ਦੀ ਹਰਮੀਤ ਕੌਰ ਨੇ ਲੜਕੀਆਂ ਦੇ 800 ਮੀਟਰ ਅਤੇ 1500 ਮੀਟਰ ਦੌੜਾਂ ਵਿੱਚ ਨਵੇਂ ਰਿਕਾਰਡ ਬਣਾਏ ਹਨ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਖੇਡਾਂ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਸ੍ਰੀ ਭੁੱਲਰ ਨੇ ਵੱਖ-ਵੱਖ ਖੇਡ ਮੁਕਾਬਲਿਆਂ ‘ਚੋਂ ਜੇਤੂ ਰਹਿਣ ਵਾਲੇ, ਰਿਕਾਰਡ ਤੋੜ ਜਿੱਤਾਂ ਦਰਜ ਕਰਨ ਵਾਲੇ ਅਤੇ ਬੈਸਟ ਅਥਲੀਟਾਂ ਨੂੰ ਇਨਾਮ ਤਕਸੀਮ ਕੀਤੇ।
ਸਰਕਾਰੀ ਕਾਲਜ ਕਰਮਸਰ ਵਿੱਚ ਖੇਡ ਮੁਕਾਬਲੇ
ਪਾਇਲ (ਦੇਵਿੰਦਰ ਸਿੰਘ ਜੱਗੀ): ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ 50ਵਾਂ ਖੇਡ ਸਮਾਗਮ ਕਰਵਾਇਆ ਗਿਆ। ਉਦਘਾਟਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਦੇ ਪ੍ਰਤੀਨਿਧ ਬਾਬਾ ਅਜਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਨ੍ਹਾਂ ਖੇਡਾਂ ਦੌਰਾਨ 100 ਮੀਟਰ ‘ਚੋਂ ਜਗਦੀਪ ਸਿੰਘ ਨੇ ਪਹਿਲਾ, 200 ਮੀਟਰ ‘ਚੋਂ ਗੁਰਨਾਮ ਸਿੰਘ ਪਹਿਲਾ, ਉੱਚੀ ਛਾਲ ਵਿੱਚ ਦਵਿੰਦਰ ਸਿੰਘ ਪਹਿਲਾ, ਗੋਲਾ ਸੁੱਟ ਮੁਕਾਬਲੇ ਵਿੱਚ ਹਰਦੀਪ ਸਿੰਘ ਪਹਿਲਾ ਅਤੇ ਲੰਬੀ ਛਾਲ ਵਿੱਚ ਨਵਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਅਤੇ 200 ਮੀਟਰ ਵਿੱਚ ਧਾਰਵੀ, ਉੱਚੀ ਛਾਲ, ਲੰਬੀ ਛਾਲ਼ ਅਤੇ ਗੋਲਾ ਸੁੱਟ ਮੁਕਾਬਲਿਆਂ ਵਿੱਚ ਨਵਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਵੋਤਮ ਖਿਡਾਰੀ ਗੁਰਨਾਮ ਸਿੰਘ ਬੀਏ ਭਾਗ ਪਹਿਲਾ ਅਤੇ ਨਵਜੋਤ ਕੌਰ ਬੀਏ ਭਾਗ ਤੀਜਾ ਨੂੰ ਐਲਾਨਿਆ ਗਿਆ।