ਨਵੀਂ ਦਿੱਲੀ, 8 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ-ਅਮਰੀਕਾ ‘ਟੂ ਪਲੱਸ ਟੂ’ ਮੰਤਰੀ ਪੱਧਰੀ ਦੀ ਗੱਲਬਾਤ ਦੇ ਚੌਥੇ ਸੈਸ਼ਨ ਵਿੱਚ ਹਿੱਸਾ ਲੈਣ ਲਈ 11 ਅਪਰੈਲ ਤੋਂ ਅਮਰੀਕਾ ਦੇ ਚਾਰ ਰੋਜ਼ਾ ਦੌਰੇ ‘ਤੇ ਜਾਣਗੇ। ਰੱਖਿਆ ਮੰਤਰਾਲੇ ਨੇ ਅੱਜ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਰਾਜਨਾਥ ਵਾਸ਼ਿੰਗਟਨ ਡੀਸੀ ਦੇ ਆਪਣੇ ਦੌਰੇ ਮਗਰੋਂ ਹਵਾਈ ਸਥਿਤ ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਂਡ ਹੈੱਡਕੁਆਰਟਰ ਦਾ ਦੌਰਾ ਵੀ ਕਰਨਗੇ। ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 11 ਅਪਰੈਲ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ‘ਟੂ ਪਲੱਸ ਟੂ’ ਗੱਲਬਾਤ ਕਰਨਗੇ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਜਨਾਥ 11 ਤੋਂ 14 ਅਪਰੈਲ ਤੱਕ ਅਮਰੀਕਾ ਦਾ ਦੌਰਾ ਕਰਨਗੇ। ਇਸ ਵਿੱਚ ਕਿਹਾ ਗਿਆ ਹੈ ਕਿ ‘ਟੂ ਪਲੱਸ ਟੂ’ ਚਰਚਾ ਵਿੱਚ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਜਾਵੇਗੀ। -ਪੀਟੀਆਈ