ਪ੍ਰਵੀਨ ਖੋਖਰ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੇ ਕਿਸਾਨਾਂ ਨੇ ਦਿਨ ਰਾਤ ਹੱਢ-ਭੰਨਵੀਂ ਮਿਹਨਤ ਕਰਕੇ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚੋਂ ਭੋਜਨ ਸੰਕਟ ਦੂਰ ਕੀਤਾ ਹੈ। ਕੋਈ ਵਕਤ ਹੁੰਦਾ ਸੀ ਜਦੋਂ ਭਾਰਤ ਨੂੰ ਆਪਣੇ ਹੀ ਵਸਨੀਕਾਂ ਦੀ ਭੁੱਖ ਮਿਟਾਉਣ ਲਈ ਵਿਦੇਸ਼ਾਂ ਅੱਗੇ ਝੋਲੀ ਅੱਡਣੀ ਪੈਂਦੀ ਸੀ, ਪਰ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਹੱਡ-ਭੰਨਵੀਂ ਮਿਹਨਤ ਕਰਕੇ ਆਪਣੇ ਦੇਸ਼ ਲਈ ਅਨਾਜ ਹੀ ਪੈਦਾ ਨਹੀਂ ਕੀਤਾ, ਸਗੋਂ ਦੇਸ਼ ਦੇ ਅੰਨ ਦੇ ਭੰਡਾਰ ਭਰ ਕੇ ਵਿਦੇਸ਼ਾਂ ਨੂੰ ਵੀ ਅੰਨ ਭੇਜਣਾ ਸ਼ੁਰੂ ਕਰ ਦਿੱਤਾ। ਅੱਜ ਕਣਕ ਦੀ ਇੰਨੀ ਪੈਦਾਵਾਰ ਹੋ ਚੁੱਕੀ ਹੈ ਕਿ ਰੱਖਣ ਨੂੰ ਵੀ ਥਾਂ ਨਜ਼ਰ ਨਹੀ ਆਉਂਦੀ।
ਇੱਥੋਂ ਦੇ ਲੋਕਾਂ ਦਾ ਜਿਊਣਾ, ਮਰਨਾ, ਉੱਠਣਾ, ਬੈਠਣਾ, ਸੌਣਾ, ਜਾਗਣਾ, ਪਹਿਨਣਾ ਆਦਿ ਸਭ ਖੇਤੀ ਨਾਲ ਹੀ ਜੁੜਿਆ ਹੋਇਆ ਹੈ। ਭਾਵੇਂ ਇੱਥੇ ਵੰਨ-ਸੁਵੰਨੀਆਂ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ, ਪਰ ਕਣਕ ਤੇ ਝੋਨਾ ਪ੍ਰਮੁੱਖ ਫ਼ਸਲਾਂ ਹਨ। ਪੰਜਾਬ ਦੇ ਕਿਸਾਨ ਦੀ ਸਾਂਝ ਨਾਲ ਜੁੜੇ ਕਣਕ ਦੇ ਰਿਸ਼ਤੇ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜੇ ਇਹ ਕਹਿ ਲਿਆ ਜਾਵੇ ਕਿ ਜੱਟ ਤੇ ਕਣਕ ਦਾ ਰਿਸ਼ਤਾ ਪਿਓ ਤੇ ਧੀ ਦੇ ਰਿਸ਼ਤੇ ਵਾਂਗ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਕਿਸਾਨ ਵੱਲੋਂ ਕਣਕ ਦੀ ਫ਼ਸਲ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਪਾਲ-ਪਲੋਸ ਕੇ ਜਵਾਨ ਕੀਤਾ ਜਾਂਦਾ ਹੈ। ਫਿਰ ਕਣਕ ਦੀ ਫ਼ਸਲ ‘ਤੇ ਕਿਸਾਨ ਅਤੇ ਉਸ ਦੇ ਪਰਿਵਾਰ ਦੀਆਂ ਅਨੇਕਾਂ ਰੀਝਾਂ ਤੇ ਉਮੀਦਾਂ ਜੁੜੀਆਂ ਹੁੰਦੀਆਂ ਹਨ। ਕਿਸੇ ਨੇ ਕਣਕ ਵੇਚ ਕੇ ਧੀ ਦੇ ਹੱਥ ਪੀਲੇ ਕਰਨੇ ਹਨ, ਕਿਸੇ ਦੀਆਂ ਘਰਵਾਲੀ ਨੂੰ ਨਵੇਂ ਕੱਪੜੇ ਲੈਣ ਤੇ ਉਸ ਨੂੰ ਟੁੰਮ-ਟੱਲਾ ਕਰਵਾਉਣ ਦੀਆਂ ਸਕੀਮਾਂ ਹੁੰਦੀਆਂ ਹਨ, ਕਿਸਾਨ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸ ਦੀ ਸੁਆਣੀ ਹਾਰ ਹਮੇਲਾ, ਛਾਪਾਂ ਛੱਲਿਆਂ ਵਾਲੀ ਹੋਵੇ। ਕਵੀ ਨੇ ਕਿਸਾਨ ਦੇ ਹਾਵ ਭਾਵ ਇਉਂ ਪ੍ਰਗਟ ਕੀਤੇ ਹਨ ‘ਕਣਕ ਨੂੰ ਵਿਕ ਲੈਣ, ਤੇਰੇ ਹੱਥਾਂ ਨੂੰ ਘੜਾ ਦੇਉਂ ਛਾਪਾਂ ਛੱਲੇ।’
ਪੰਜਾਬ ਦੇ ਕਿਸਾਨ ਦੀ ਹੱਡ-ਭੰਨਵੀਂ ਮਿਹਨਤ ਨਾਲ ਭਾਵੇਂ ਅੱਜਕੱਲ੍ਹ ਕਣਕ ਦੀ ਪੈਦਾਵਾਰ ਆਮ ਹੀ ਹੋ ਗਈ ਹੈ, ਕਣਕ ਸਰਕਾਰੀ ਸਟੋਰਾਂ ‘ਚ ਸੜ ਰਹੀ ਹੈ, ਪਰ ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ-ਕਿਸੇ ਵਿਅਕਤੀ ਨੂੰ ਕਣਕ ਖਾਣ ਨੂੰ ਨਸੀਬ ਹੁੰਦੀ ਸੀ। ਜਿਸ ਨੂੰ ਕਣਕ ਦੀ ਰੋਟੀ ਖਾਣ ਨੂੰ ਮਿਲ ਜਾਂਦੀ ਸੀ, ਉਸ ਨੂੰ ਬਹੁਤ ਭਾਗਾਂ ਵਾਲਾ ਸਮਝਿਆ ਜਾਂਦਾ ਸੀ, ਉਸ ਸਮੇਂ ਦੀ ਹਾਲਤ ਨੂੰ ਕਵੀ ਨੇ ਇਉਂ ਪੇਸ਼ ਕੀਤਾ ਹੈ:
ਬੱਲੀਏ ਕਣਕ ਦੀਏ, ਤੈਨੂੰ ਖਾਣਗੇ ਨਸੀਬਾਂ ਵਾਲੇ
ਕਣਕ ਦਾ ਪੰਜਾਬੀਆਂ ਨਾਲ ਧੀ ਵਰਗਾ ਪਵਿੱਤਰ ਰਿਸ਼ਤਾ ਤੇ ਪਵਿੱਤਰ ਸਾਂਝ ਹੈ। ਵੇਦਾਂ ਅਨੁਸਾਰ ਇਹ ਪੰਜਾਬੀਆਂ ਦੀ ਸਭ ਤੋਂ ਮਨਮੋਹਣੀ ‘ਫ਼ਸਲ’ ਹੈ। ਇਸੇ ਰਿਸ਼ਤੇ ਤੋਂ ਪ੍ਰਭਾਵਿਤ ਹੋਏ ਕਵੀ ਨੇ ਇਉਂ ਵਰਣਨ ਕੀਤਾ ਹੈ ਜਿਸ ਨੂੰ ਮਾਵਾਂ ਤੇ ਧੀਆਂ ਗਾਉਂਦੀਆਂ ਹਨ:
ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ
ਕਰਦੀਆਂ ਗੱਲੋੜੀਆਂ,
ਨੀਂ ਕਣਕਾਂ ਨਿੱਸਰੀਆਂ
ਧੀਆਂ ਕਿਉਂ ਵਿੱਸਰੀਆਂ ਨੀਂ ਮਾਏ।
ਇਵੇਂ ਹੀ :
ਚਿੱਟੀ ਕਣਕ ਦੇ ਮੰਡੇ ਤੈਨੂੰ ਹੋਰ ਦੇਨੀ ਆ ਨੀਂ,
ਨਾ ਰੋ ਮੁਕਲਾਵੇ ਤੈਨੂੰ ਤੋਰ ਦੇਨੀ ਆ ਨੀਂ’
ਇਵੇਂ ਹੀ ਕੋਈ ਪਤਨੀ ਜਿਸ ਦਾ ਪਤੀ ਪ੍ਰਦੇਸ ਗਿਆ ਹੁੰਦਾ ਹੈ, ਨੂੰ ਕਣਕ ਦੀ ਆਮਦ ‘ਤੇ ਕਣਕ ਦੀ ਵਾਢੀ ਕਰਨ ਲਈ ਉਸ ਨੂੰ ਨੌਕਰੀ ਤੋਂ ਘਰ ਆਉਣ ਲਈ ਚਿੱਠੀ ਲਿਖਦੀ ਹੈ :
ਲਿਖ ਲਿਖ ਚਿੱਠੀਆਂ ਉਹਦੇ ਵੱਲ ਪਾਂਵਦੀ
ਕਾਵਾਂ ਨੂੰ ਉਡਾਂਵਦੀ।
ਵਿੱਚ ਲਿਖ ਘੱਲਦੀ ਸੱਸੂ ਜੀ ਦੇ ਬੋਲ
ਚਿੱਠੀਆਂ ਜਾ ਆਉਂਦੀਆਂ।
ਉਹ ਚਿੱਠੀਆਂ ਨੂੰ ਵਾਚਦਾ
ਵਿੱਚ ਵਾਚਦਾ ਮਾਤਾ ਜੀ ਦੇ ਬੋਲ।
ਕਣਕਾਂ ਵੀ ਪੱਕੀਆਂ
ਛੋਲੇ ਵੀ ਗਦਰੇ।
ਤੁਸੀਂ ਘਰ ਆਉਣਾ ਜੀ ਚੜ੍ਹਦੇ ਵਿਸਾਖ।
ਮਜਬੂਰੀ ਦਾ ਮਾਰਿਆ ਪਤੀ ਵੀ ਆਪਣੀ ਪਤਨੀ ਨੂੰ ਚਿੱਠੀ ਰਾਹੀ ਇਉਂ ਜਵਾਬ ਭੇਜਦਾ ਹੈ :
ਲਾਵੀਆਂ ਲਾ ਲਈ, ਕਣਕ ਵਢਾ ਲਈਂ
ਅਸੀਂ ਨਹੀਂ ਆਉਣਾ ਚੇਤ ਵਿਸਾਖ।
ਪੰਜਾਬੀ ਗੱਭਰੂ ਕਿਸੇ ਬਹੁਤ ਖ਼ੂਬਸੁਰਤ ਮੁਟਿਆਰ ਜਿਸ ਦਾ ਗੁੰਦਵਾ ਵਜੂਦ ਗੁੱਤ ਵਰਗਾ ਹੁੰਦਾ ਹੈ, ਨੂੰ ਉਸ ਦੀ ਪ੍ਰਸੰਸਾ ਕਰਨ ਲਈ ‘ਕਣਕ ਦੀ ਬੱਲੀ’ ਕਹਿ ਕੇ ਪੁਕਾਰਦਾ ਹੈ ਤੇ ਫਿਰ ਆਪਣੀ ਮੁਹੱਬਤ ਦੀ ਤੁਲਨਾ ਵੀ ਕਣਕ ਦੇ ਦਾਣਿਆਂ ਨਾਲ ਕਰਦਾ ਹੈ ਜਿਵੇ :
ਤੇਰੀ ਮੇਰੀ ਇਓਂ ਲੱਗ ਗਈ
ਜਿਉਂ ਲੱਗਿਆ ਕਣਕ ਨੂੰ ਦਾਣਾ।
ਜਦੋਂ ਕਿਸਾਨ ਮਿਹਨਤ ਨਾਲ ਪਾਲ ਪਲੋਸ ਕੇ ਜਵਾਨ ਕੀਤੀ ਕਣਕ ਨੂੰ ਮੰਡੀ ਵੇਚ ਕੇ ਖਾਲੀ ਹੱਥ ਘਰ ਪਰਤ ਆਉਂਦਾ ਹੈ ਤੇ ਉਸ ਦੇ ਪੱਲੇ ਸਿਰਫ਼ ਤੂੜੀ ਹੀ ਰਹਿ ਜਾਂਦੀ ਹੈ। ਉਸ ਸਮੇਂ ਕਿਸੇ ਕਿਸਾਨ ਦੀ ਪੀੜ ਨੂੰ ਕਵੀ ਨੇ ਇਉਂ ਬਿਆਨ ਕੀਤਾ ਹੈ :
ਬੋਹਲ ਸਾਰਾ ਵੇਚ ਘੱਤਿਆ
ਛਿੱਲਾ ਪੰਦਰਾਂ ਨਾ ਜੱਟ ਨੂੰ ਥਿਆਈਆਂ।
ਜਦੋਂ ਫ਼ਸਲ ਪਿੜਾ ‘ਚ ਪਈ ਹੁੰਦੀ ਹੈ ਜਾਂ ਪੱਕਣ ‘ਤੇ ਆਈ ਹੁੰਦੀ ਹੈ ਤਾਂ ਜੱਟ ਵੀ ਨਸ਼ੇ ‘ਚ ਖੰਘੂੜਾ ਮਾਰ ਕੇ ਲੰਘਣ ਲੱਗ ਪੈਂਦਾ ਹੈ। ਸਿੱਟੇ ਵਜੋਂ ਕਿਸੇ ਨਾਲ ਲੜਾਈ ਝਗੜਾ ਕਰ ਬੈਠਦਾ ਹੈ। ਜੇ ਕੋਈ ਦਮੜੀ ਬਚਦੀ ਵੀ ਹੈ, ਉਸ ਨੂੰ ਜਾਂ ਤਾਂ ਸ਼ਾਹ ਦੀ ਸੂਹੀ ਬਹੀ ਸਮੇਟ ਜਾਂਦੀ ਹੈ ਜਾਂ ਵਕੀਲ। ਕਿਸੇ ਕਵੀ ਨੇ ਸੱਚ ਹੀ ਕਿਹਾ ਹੈ:
ਤੇਰੀ ਹਾੜ੍ਹੀ ਵਕੀਲਾਂ ਖਾਧੀ,
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ।
ਤੇ ਫਿਰ ਜੱਟ ਤੇ ਸੀਰੀ ਦੀ ਹਾਲਤ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਨੇ ਇਉ ਵਰਣਨ ਕੀਤਾ ਹੈ:
‘ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿੱਚੋਂ ਨੀਰ ਵਗਿਆ
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿੱਚੋਂ ਪੁੱਤ ਜੱਗਿਆ
ਸੰਪਰਕ: 94172-72324