ਬਹਾਦਰ ਸਿੰਘ ਗੋਸਲ
ਭਾਵੇਂ ਹਰ ਤਿਉਹਾਰ ਪੰਜਾਬੀਆਂ ਨੂੰ ਖ਼ੂਬ ਆਨੰਦ ਅਤੇ ਖ਼ੁਸ਼ੀਆਂ ਦਿੰਦਾ ਹੈ, ਪਰ ਵਿਸਾਖੀ ਨਾਲ ਪੰਜਾਬੀਆਂ ਨੂੰ ਬਚਿੱਤਰ ਕਿਸਮ ਦੀ ਖ਼ੁਸ਼ੀ ਦਾ ਅਨੁਭਵ ਹੁੰਦਾ ਹੈ। ਪੰਜਾਬ ਵਿੱਚ ਇਹ ਤਿਉਹਾਰ ਵਿਸਾਖ ਦੇ ਮਹੀਨੇ ਦੇ ਪਹਿਲੇ ਦਿਨ, ਹਾੜ੍ਹੀ ਦੀਆਂ ਫ਼ਸਲਾਂ ਦੇ ਪੱਕਣ ਅਤੇ ਉਨ੍ਹਾਂ ਦੀ ਕਟਾਈ ਦੇ ਸ਼ੁਰੂ ਹੋਣ ਨਾਲ ਮਨਾਇਆ ਜਾਂਦਾ ਹੈ। ਜਦੋਂ ਸੋਨੇ ਰੰਗੀਆਂ ਕਣਕਾਂ ਦੀਆਂ ਫ਼ਸਲਾਂ ਪੱਕ ਕੇ ਦਾਤੀ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ ਤਾਂ ਕਿਸਾਨ ਦਾ ਮਨ ਉਨ੍ਹਾਂ ਨੂੰ ਦੇਖ ਕੇ ਮੱਲੋ-ਮੱਲੀ ਝੂਮਣ ਲੱਗਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਹੁਣ ਉਸ ਦੀ ਕਣਕਾਂ ਦੀ ਰਾਖੀ ਮੁੱਕ ਗਈ ਹੈ ਅਤੇ ਜਲਦੀ ਹੀ ਭਰਪੂਰ ਫ਼ਸਲ ਉਸ ਦੇ ਘਰ ਦੇ ਭੜੋਲੇ ਭਰ ਦੇਵੇਗੀ। ਉਨ੍ਹਾਂ ਦਿਨਾਂ ਵਿੱਚ ਹੀ ਵਿਸਾਖੀ ਨੂੰ ਯਾਦ ਕਰਦਾ ਹੋਇਆ ਉਸ ਦਾ ਮਨ ਬੋਲ ਉੱਠਦਾ ਹੈ- ‘ਜੱਟਾ ਆਈ ਵਿਸਾਖੀ, ਤੇਰੀ ਕਣਕਾਂ ਵੀ ਮੁੱਕ ਗਈ ਰਾਖੀ।’ ਪਰ ਉਹ ਮਨ ਹੀ ਮਨ ਪਰਮਾਤਮਾ ਦਾ ਸ਼ੁਕਰ ਕਰਦਾ ਹੋਇਆ, ਪਰਮਾਤਮਾ ਅੱਗੇ ਅਰਦਾਸਾਂ ਵੀ ਕਰਦਾ ਹੈ ਕਿ ਇਹ ਸਾਰੀ ਫ਼ਸਲ ਝੱਖੜ, ਮੀਂਹ, ਵਰੋਲ੍ਹਿਆਂ ਤੋਂ ਬਚ ਕੇ ਉਸ ਦੇ ਘਰ ਤੱਕ ਪਹੁੰਚ ਜਾਵੇ ਅਤੇ ਫਿਰ ਉਹ ਮੰਡੀ ਵਿੱਚ ਵੇਚ ਕੇ ਆਪਣੀ ਮਿਹਨਤ ਦਾ ਚੰਗਾ ਮੁੱਲ ਲੈ ਕੇ ਸਾਲ ਭਰ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਦਾ ਨਿਪਟਾਰਾ ਕਰ ਸਕੇ।
ਪੰਜਾਬ ਦੇ ਹਰ ਪਿੰਡ ਵਿੱਚ ਇਨ੍ਹਾਂ ਸੁਨਹਿਰੀ ਕਣਕਾਂ ਦੀ ਦਿੱਖ ਪੇਂਡੂ ਜੀਵਨ ਨੂੰ ਅਦਭੁੱਤ ਖ਼ੁਸ਼ੀ ਪ੍ਰਦਾਨ ਕਰਦੀ ਹੋਈ ਹਰ ਇਨਸਾਨ ਨੂੰ ਵਿਸਾਖੀ ਦੀ ਉਡੀਕ ਵਿੱਚ ਵਿਸਾਖੀ ਦੇ ਮੇਲੇ ‘ਤੇ ਜਾ ਕੇ ਢੋਲ ਦੇ ਡੱਗੇ ‘ਤੇ ਖ਼ੂਬ ਖ਼ੁਸ਼ੀਆਂ ਮਨਾਉਣ ਅਤੇ ਭੰਗੜੇ ਪਾਉਣ ਲਈ ਉਕਸਾਉਂਦੀ ਹੈ। ਹਾੜ੍ਹੀ ਦੀ ਫ਼ਸਲ ਹੁੰਦੀ ਹੀ ਅਜਿਹੀ ਹੈ ਕਿ ਹਰ ਗ਼ਰੀਬ-ਅਮੀਰ ਦੇ ਘਰ ਦਾਣੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਸਾਰਾ ਸਾਲ ਰੋਟੀ ਦੀ ਚਿੰਤਾ ਨਹੀਂ ਰਹਿੰਦੀ। ਕਹਿੰਦੇ ਹਨ ਕਿ ‘ਢਿੱਡ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ।’ ਜਦੋਂ ਮਨੁੱਖ ਨੂੰ ਰੋਟੀ ਦੀ ਚਿੰਤਾ ਖ਼ਤਮ ਹੋ ਜਾਂਦੀ ਹੈ ਤਾਂ ਕੁਦਰਤੀ ਤੌਰ ‘ਤੇ ਉਸ ਦਾ ਮਨ ਖ਼ੁਸ਼ ਹੋ ਜਾਂਦਾ ਹੈ। ਇਹੀ ਕਾਰਨ ਕਿ ਪੰਜਾਬ ਵਿੱਚ ਸਦੀਆਂ ਤੋਂ ਵਿਸਾਖੀ ਦੀ ਸਭ ਵੱਲੋਂ ਹਰ ਸਾਲ ਬੜੀ ਉਡੀਕ ਕੀਤੀ ਜਾਂਦੀ ਹੈ। ਪੰਜਾਬ ਵਿੱਚ ਥਾਂ ਥਾਂ ਮੇਲੇ ਲੱਗਦੇ ਹਨ, ਢੋਲ ਵੱਜਦੇ ਹਨ ਅਤੇ ਭੰਗੜੇ ਪੈਂਦੇ ਹਨ ਜੋ ਸਭ ਖ਼ੁਸ਼ੀ ਦਾ ਪ੍ਰਤੀਕ ਹਨ। ਪੰਜਾਬ ਵਿੱਚ ਜਿੱਥੇ ਵਿਸਾਖੀ ਦੀ ਮੌਸਮੀ, ਆਰਥਿਕ ਅਤੇ ਸਮਾਜਿਕ ਮਹੱਤਤਾ ਮੰਨੀ ਜਾਂਦੀ ਹੈ, ਉੱਥੇ ਹੀ ਇਸ ਦਾ ਧਾਰਮਿਕ ਇਤਿਹਾਸ ਵੀ ਬਹੁਤ ਮਹੱਤਵ ਰੱਖਦਾ ਹੈ।
ਸਿੱਖ ਇਤਿਹਾਸ ਅਨੁਸਾਰ ਪੰਜਾਬ ਵਿੱਚ ਵਿਸਾਖੀ ਦਾ ਪਹਿਲਾ ਜੋੜ ਮੇਲਾ ਸੰਮਤ 1624 ਨੂੰ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਗਿਆ ਸੀ। ਜਦੋਂ ਗੋਇੰਦਵਾਲ ਬਿਆਸ ਦੇ ਪੱਤਣ ‘ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1616 ਵਿੱਚ ਬਾਬਾ ਬੁੱਢਾ ਜੀ ਪਾਸੋਂ ਟੱਕ ਲਗਵਾ ਕੇ ਬਾਉਲੀ ਲਵਾਉਣੀ ਸ਼ੁਰੂ ਕੀਤੀ ਤਾਂ ਕਿ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾਵੇ। ਇਹ ਬਾਉਲੀ ਸੰਮਤ 1621 ਵਿੱਚ ਸਪੂੰਰਨ ਹੋਈ ਜਿਸ ਦੀਆਂ 84 ਪੌੜੀਆਂ ਬਣਾਈਆਂ ਗਈਆਂ ਸਨ। ਉਸ ਸਮੇਂ ਗੁਰੂ ਘਰ ਦੇ ਪ੍ਰਮੁੱਖ ਪ੍ਰੇਮੀ ਸਿੱਖ ਭਾਈ ਪਾਰੋ ਪਰਮਹੰਸ ਜੀ ਦੀ ਤਜਵੀਜ਼ ਮੰਨ ਕੇ ਗੁਰੂ ਜੀ ਨੇ ਗੋਬਿੰਦਵਾਲ ਵਿਖੇ ਵਿਸਾਖੀ ਦਾ ਜੋੜ ਮੇਲਾ ਕਰਨ ਦਾ ਫ਼ੈਸਲਾ ਕੀਤਾ। ਮਗਰੋਂ ਵਿਸਾਖੀ ਸਿੱਖਾਂ ਦਾ ਕੌਮੀ ਤਿਉਹਾਰ ਬਣ ਗਿਆ ਅਤੇ ਫਿਰ 1699 ਵਿੱਚ ਵਿਸਾਖੀ ਵਾਲੇ ਦਿਨ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਵਿਸਾਖੀ ਨੂੰ ਖਾਲਸੇ ਦਾ ਜਨਮ ਦਿਹਾੜਾ ਬਣਾ ਦਿੱਤਾ। ਇਸ ਤਰ੍ਹਾਂ ਵਿਸਾਖੀ ਦਾ ਦਿਨ ਸਿੱਖ ਜਗਤ ਲਈ ਵਿਸ਼ੇਸ਼ ਸਥਾਨ ਰੱਖਦਾ ਹੈ।
ਪੰਜਾਬ ਦਾ ਹਰ ਬੱਚਾ, ਬੁੱਢਾ ਅਤੇ ਨੌਜਵਾਨ ਵਿਸਾਖੀ ਦਾ ਮੇਲਾ ਦੇਖਣ ਲਈ ਉਤਾਵਲਾ ਹੁੰਦਾ ਹੈ ਕਿਉਂਕਿ ਇਹ ਮੇਲਾ ਹੁੰਦਾ ਹੀ ਅਜਿਹਾ ਹੈ ਕਿ ਉਸ ਦੀ ਦਿੱਖ ਹਰ ਇੱਕ ਦੇ ਮਨ ਨੁੂੰ ਮੋਹ ਲੈਂਦੀ ਹੈ। ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਘਰ ਪਰਿਵਾਰ ਵਿੱਚ ਵਰਤਣ ਵਾਲੀਆਂ ਸਾਰੀਆਂ ਚੀਜ਼ਾਂ ਇਸ ਮੇਲੇ ‘ਤੇ ਵਿਕਦੀਆਂ ਹਨ ਅਤੇ ਲੋਕ ਬੜੇ ਚਾਅ ਨਾਲ ਵਸਤਾਂ ਖਰੀਦਦੇ ਹਨ। ਵੱਡੇ-ਵੱਡੇ ਚੰਡੋਲ, ਪੰਘੂੜੇ, ਮਦਾਰੀਆਂ ਦੇ ਤਮਾਸ਼ੇ ਖੇਡਾਂ, ਮੱਲਾਂ ਦੇ ਘੋਲ ਅਤੇ ਮੇਲੇ ਵਿੱਚ ਪੂਰਾ ਸ਼ੋਰ-ਸ਼ਰਾਬਾ ਦੇਖਣ ਨੁੂੰ ਮਿਲਦਾ ਹੈ। ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਅਜਿਹੇ ਹੀ ਇੱਕ ਪੇਂਡੂ ਮੇਲੇ ਦਾ ਚਿਤਰਣ ਆਪਣੀ ਕਵਿਤਾ ‘ਵਿਸਾਖੀ ਦਾ ਮੇਲਾ’ ਵਿੱਚ ਇਸ ਤਰ੍ਹਾਂ ਕੀਤਾ ਹੈ:
ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇ
ਜੋਗੀਆਂ, ਮਦਾਰੀਆਂ ਤਮਾਸ਼ੇ ਲਾਏ ਨੇ।
ਵੰਝਲੀ, ਲੰਗੋਜ਼ਾ, ਕਾਟੋ, ਤੂੰਬਾ ਵੱਜਦੇ
ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ।
‘ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ
ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ।
ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ
ਚੱਲ ਨੀਂ ਪਰੇਮੀਏ! ਵਿਸਾਖੀ ਚੱਲੀਏ।
ਪੰਜਾਬ ਦੇ ਪਿੰਡਾਂ ਵਿੱਚ ਤਾਂ ਹਰ ਪਰਿਵਾਰ ਵਿੱਚ ਵਿਸਾਖੀ ਦੇ ਮੇਲੇ ‘ਤੇ ਜਾਣ ਦੀਆਂ ਗੱਲਾਂ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਪੰਜਾਬ ਦੇ ਮੇਲਿਆਂ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਖ਼ੁਸ਼ਗਵਾਰ ਹੀ ਨਹੀਂ ਬਣਾਇਆ, ਸਗੋਂ ਇਸ ਨੂੰ ਬਹੁਤ ਰੰਗੀਲਾ ਵੀ ਬਣਾ ਦਿੱਤਾ ਹੈ। ਹਰ ਸੁਆਣੀ ਦੀ ਵੀ ਮੇਲੇ ਜਾਣ ਦੀ ਦਿਲੋਂ ਇੱਛਾ ਹੁੰਦੀ ਹੈ ਜਿਸ ਤਰ੍ਹਾਂ ਦੱਸਿਆ ਗਿਆ ਹੈ:
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ।
ਸੱਸ ਮਰ ਗਈ ਨਨਾਣ ਸਹੁਰੇ ਟੁਰ ਗਈ
ਆਪਾਂ ਦੋਵੇਂ ਮੇਲੇ ਚੱਲੀਏ।
ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਮੇਲਾ ਦੇਖਣ ਦਾ ਉਤਸ਼ਾਹ ਸਮੇਂ ਦੇ ਨਾਲ ਵਧਦਾ ਹੀ ਗਿਆ। ਇੱਥੋਂ ਤੱਕ ਕੇ ਪੰਜਾਬ ਦੇ ਪਿੰਡਾਂ ਦੇ ਕਈ ਮੇਲੇ ਤਾਂ ਏਨੇ ਮਸ਼ਹੂਰ ਹੋ ਗਏ ਕਿ ਉਨ੍ਹਾਂ ਨੇ ਸਾਡੇ ਸੱਭਿਆਚਾਰ ਵਿੱਚ ਨਿਵੇਕਲੀ ਥਾਂ ਬਣਾ ਲਈ। ਜਿਵੇਂ ਜ਼ਿਲ੍ਹਾ ਲੁਧਿਆਣਾ ਦਾ ਜਰਗ ਦਾ ਮੇਲਾ ਤਾਂ ਲੋਕਾਂ ਦੀ ਜ਼ੁਬਾਨ ‘ਤੇ ਹੀ ਚੜ੍ਹ ਗਿਆ। ਉਸ ਬਾਰੇ ਕਿਹਾ ਜਾਣ ਲੱਗਾ:
ਚੱਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕ ਲੂੰ।
ਮੇਲੇ ਜਾਣਾ ਪਿੰਡਾਂ ਦੇ ਹਰ ਪਰਿਵਾਰ ਵਿੱਚ ਖੁਸ਼ੀਆਂ ਲਿਆਉਂਦਾ ਹੈ। ਜਦੋਂ ਕਦੇ ਕਿਸੇ ਘਰ ਵਿੱਚ ਕਿਸੇ ਔਰਤ ਦਾ ਘਰ ਵਿੱਚ ਰੋਸਾ ਹੁੰਦਾ ਤਾਂ ਉਸ ਦਾ ਘਰਵਾਲਾ, ਉਸ ਨੂੰ ਮੇਲੇ ਲੈ ਕੇ ਜਾਣ ਦਾ ਲਾਲਚ ਦਿੰਦਾ ਹੋਇਆ ਕਹਿੰਦਾ:
ਨੀਂ ਨਾ ਰੋ ਗੋਰੀਏ, ਆਪਾਂ ਮੇਲੇ ਜਾਵਾਂਗੇ
ਉੱਥੋਂ ਲੱਡੂ ਲਿਆਵਾਂਗੇ
ਨੀਂ ਆਪਾਂ ਦੋਵੇਂ ਖਾਵਾਂਗੇ।
ਵਿਸਾਖੀ ਦੇ ਮੇਲਿਆਂ ਨੇ ਤਾਂ ਪੰਜਾਬ ਦੇ ਪੇਂਡੂ ਮਾਹੌਲ ਵਿੱਚ ਉਹ ਰੰਗ ਬੰਨ੍ਹਿਆ ਕਿ ਨਵ ਵਿਆਹੀਆਂ ਮੁਟਿਆਰਾਂ ਆਪਣੇ ਆਪ ਨੂੰ ਖ਼ੂਬ ਸ਼ਿੰਗਾਰ ਕੇ ਮੇਲੇ ਜਾਣ ਦਾ ਚਾਅ ਪ੍ਰਗਟ ਕਰਦੀਆਂ ਅਤੇ ਉਹ ਪੂਰਾ ਸਜ-ਧਜ ਕੇ ਮੇਲੇ ਨੂੰ ਜਾਂਦੀਆਂ ਹਨ ਤਾਂ ਹੀ ਤਾਂ ਉਸ ਦੇ ਇਸ ਸ਼ੌਕ ਨੇ ਪੰਜਾਬੀ ਗੀਤਾਂ ਵਿੱਚ ਆਪਣੀ ਅਹਿਮ ਪਕੜ ਬਣਾ ਲਈ ਅਤੇ ਕਿਹਾ ਜਾਣ ਲੱਗਿਆ:
ਪੈਰ ਧੋ ਕੇ ਝਾਂਜਰਾਂ ਪਾਉਂਦੀ
ਮੇਲ੍ਹਦੀ ਆਉਂਦੀ
ਕਿ ਸ਼ੌਕਣ ਮੇਲੇ ਦੀ।
ਪੰਜਾਬ ਦੇ ਵੱਡੇ-ਵੱਡੇ ਮੇਲਿਆਂ ਦੀਆਂ ਤਾਂ ਪਿੰਡਾਂ ਵਿੱਚ ਗੱਲਾਂ ਹੁੰਦੀਆਂ ਅਤੇ ਅਜਿਹੇ ਮੇਲਿਆਂ ਨੂੰ ਦੇਖਣ ਲਈ ਲੋਕ ਵਿਸ਼ੇਸ਼ ਤੌਰ ‘ਤੇ ਦੂਰ-ਦੂਰ ਤੱਕ ਤੁਰ ਕੇ ਜਾਂਦੇ, ਸ਼ਹਿਰ ਕੁਰਾਲੀ ਦਾ ਗੋਸਿਆਣਾ ਮੇਲਾ ਪੰਜਾਬ ਦੇ ਮੇਲਿਆਂ ਵਿੱਚ ਪ੍ਰਸਿੱਧ ਹੋਇਆ ਅਤੇ ਉਸ ਬਾਰੇ ਕਿਹਾ ਜਾਣ ਲੱਗਿਆ:
ਮੇਲਾ ਲੱਗਦਾ ਗੋਸਿਆਣਾ ਭਾਰੀ
ਕਿ ਡਾਂਗ ਉੱਤੇ ਡਾਂਗ ਚੱਲਦੀ।
ਹਾਂ, ਕਈ ਵਾਰ ਅਜਿਹਾ ਹੀ ਹੁੰਦਾ ਸੀ ਕਿ ਵੱਡੇ ਮੇਲਿਆਂ ‘ਤੇ ਲੜਾਈਆਂ ਆਮ ਹੀ ਹੋ ਜਾਂਦੀਆਂ ਸਨ ਅਤੇ ਪੰਜਾਬ ਦੇ ਨਾਮੀ ਬਦਮਾਸ਼ ਆਪਣੇ ਮਿੱਤਰਾਂ ਨਾਲ ਮੇਲਿਆਂ ਵਿੱਚ ਆਪਣੀ ਧਾਕ ਜਮਾਉਣ ਲਈ ਜਾਂਦੇ। ਦੂਜੇ ਪਾਸੇ ਵਿਸਾਖੀ ਤੇ ਹੋਰ ਧਾਰਮਿਕ ਮੇਲਿਆਂ ਦੀ ਦਿੱਖ ਹੋਰ ਹੀ ਹੁੰਦੀ ਹੈ। ਉੱਥੇ ਲੋਕ ਸ਼ਰਧਾ ਨਾਲ ਗੁਰਦੁਆਰਾ ਸਾਹਿਬਾਨ ਵਿਖੇ ਮੱਥਾ ਟੇਕਣ ਜਾਂ ਸਰੋਵਰਾਂ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਅਤੇ ਸਾਲ ਭਰ ਲਈ ਖੁਸ਼ੀਆਂ ਮੰਗਦੇ ਹੋਏ ਨਤਮਸਤਕ ਹੁੰਦੇ ਹਨ। ਜਿਵੇਂ ਸ੍ਰੀ ਆਨੰਦਪੁਰ ਸਾਹਿਬ ਦੀ ਵਿਸਾਖੀ ਸਿੱਖਾਂ ਲਈ ਖਾਲਸੇ ਦੇ ਜਨਮ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਮਸਤਕ ਹੋਣ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਹੈ। ਧਾਰਮਿਕ ਭਾਵਨਾ ਵਿੱਚ ਰੰਗੇ ਸਿੰਘ ਬੜੀਆਂ ਖ਼ੁਸ਼ੀਆਂ ਨਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੇ ਹਨ। ਅਜਿਹੀ ਯਾਤਰਾ ਵੀ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਸਿੱਖ ਪਰਿਵਾਰਾਂ ਵਿੱਚ ਸਿੰਘਣੀਆਂ ਵੀ ਵਿਸਾਖੀ ‘ਤੇ ਜਾਣ ਲਈ ਆਪਣੇ ਅੰਦਾਜ਼ ਵਿੱਚ ਕਹਿੰਦੀਆਂ ਹਨ:
ਸਿੰਘਾਂ ਵੇ ਇੱਕ ਢੋਲਕੀ ਮੰਗਾ ਲੈ ਵੇ
ਮੈਂ ਚੱਲੂੰਗੀ, ਵਿਸਾਖੀ ਮੇਲੇ।
ਇਸ ਤਰ੍ਹਾਂ ਇਹ ਵਿਸਾਖੀ ਦਾ ਤਿਉਹਾਰ ਸਮਾਜ ਦੇ ਹਰ ਵਰਗ ਲਈ ਖ਼ੁਸ਼ੀਆਂ ਦਾ ਅਨੰਤ ਭੰਡਾਰ ਲੈ ਕੇ ਆਉਂਦਾ ਹੈ। ਸਮਾਜ ਦੇ ਕਈ ਵਰਗ ਇਸ ਦਿਨ ਨੂੰ ਨਵੇਂ ਸਾਲ ਦੀ ਸ਼ੁਰੂਆਤ ਵੀ ਮੰਨਦੇ ਹਨ ਅਤੇ ਇਸ ਦਿਨ ਨੂੰ ਪਵਿੱਤਰ ਦਿਨ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਸੰਪਰਕ: 98764-52223