ਸੰਚਿਓਨ: ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ੍ਰੀਕਾਂਤ ਅੱਜ ਇੱਥੇ ਵੱਖ-ਵੱਖ ਢੰਗ ਨਾਲ ਆਪਣੇ ਮੁਕਾਬਲੇ ਜਿੱਤ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਖਿਡਾਰਨ ਨੂੰ 21-10, 21-16 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਕੋਰਿਆਈ ਖਿਡਾਰਨ ਨਾਲ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਸਥਾਨਕ ਖਿਡਾਰੀ ਸੋਨ ਵਾਨ ਹੋ ਉਤੇ ਤਿੰਨ ਗੇਮ ਵਿਚ ਜਿੱਤ ਹਾਸਲ ਕੀਤੀ। ਵਿਸ਼ਵ ਦਰਜਾਬੰਦੀ ਵਿਚ ਪਹਿਲਾਂ ਸਿਖ਼ਰ ਉਤੇ ਰਹਿ ਚੁੱਕੇ ਦੋਵਾਂ ਖਿਡਾਰੀਆਂ ਵਿਚਾਲੇ ਮੁਕਾਬਲੇ ‘ਚ ਸ੍ਰੀਕਾਂਤ ਨੇ ਆਪਣੇ ਤਾਕਤਵਰ ਤੇ ਸਟੀਕ ਸ਼ਾਟ ਨਾਲ ਸੋਨ ਵਾਨ ਹੋ ਨੂੰ ਇਕ ਘੰਟੇ ਤੋਂ ਥੋੜ੍ਹੇ ਜ਼ਿਆਦਾ ਚੱਲੇ ਕੁਆਰਟਰ ਫਾਈਨਲ ਵਿਚ 21-12, 18-21, 21-12 ਨਾਲ ਹਰਾ ਦਿੱਤਾ। ਪੰਜਵਾਂ ਦਰਜਾ ਹਾਸਲ ਸ੍ਰੀਕਾਂਤ ਦਾ ਸਾਹਮਣਾ ਹੁਣ ਇੰਡੋਨੇਸ਼ੀਆ ਦੇ ਤੀਜਾ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ ਜਿਨ੍ਹਾਂ ਪਿਛਲੇ ਮਹੀਨੇ ਸਵਿਸ ਓਪਨ ਜਿੱਤਿਆ ਸੀ। ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਸੈਮੀਫਾਈਨਲ ਵਿਚ ਪਹੁੰਚਣ ‘ਚ ਨਾਕਾਮ ਰਹੀ ਹੈ। -ਪੀਟੀਆਈ