ਪੋਟਚੇਫਸਟ੍ਰਮ: ਭਾਰਤੀ ਮਹਿਲਾ ਹਾਕੀ ਟੀਮ ਨੇ ਐਫਆਈਐਚ ਜੂਨੀਅਰ ਵਿਸ਼ਵ ਕੱਪ ਵਿਚ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਅੱਜ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 3-0 ਨਾਲ ਮਾਤ ਦੇ ਦਿੱਤੀ। ਇਹ ਦੂਜੀ ਵਾਰ ਹੈ ਜਦ ਭਾਰਤ ਇਸ ਟੂਰਨਾਮੈਂਟ ਦੇ ਆਖਰੀ ਚਾਰ ਵਿਚ ਪਹੁੰਚਿਆ ਹੈ। ਪੂਲ ਗੇੜ ਵਿਚ ਸਾਰੇ ਮੈਚਾਂ ਵਿਚ ਜਿੱਤ ਤੋਂ ਬਾਅਦ ਸੂਚੀ ਵਿਚ ਸਿਖ਼ਰ ਉਤੇ ਰਹਿਣ ਵਾਲੀ ਭਾਰਤੀ ਟੀਮ ਲਈ ਅੰਤਿਮ ਅੱਠ ਦੇ ਇਸ ਮੈਚ ਵਿਚ ਮੁਮਤਾਜ਼ ਖ਼ਾਨ (11ਵੇਂ ਮਿੰਟ), ਲਾਲਰਿੰਡਿਕੀ (15ਵੇਂ ਮਿੰਟ) ਤੇ ਸੰਗੀਤਾ ਕੁਮਾਰੀ (41ਵੇਂ ਮਿੰਟ) ਨੇ ਗੋਲ ਕੀਤੇ। ਜੂਨੀਅਰ ਵਿਸ਼ਵ ਕੱਪ ਵਿਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2013 ਵਿਚ ਜਰਮਨੀ ਵਿਚ ਕਾਂਸੀ ਦਾ ਤਗਮਾ ਜਿੱਤਣਾ ਰਿਹਾ ਹੈ। ਟੀਮ ਨੇ ਉਦੋਂ ਨਿਯਮਤ ਸਮੇਂ ਵਿਚ 1-1 ਦੀ ਬਰਾਬਰੀ ਤੋਂ ਬਾਅਦ ਸ਼ੂਟਆਊਟ ਵਿਚ ਇੰਗਲੈਂਡ ਨੂੰ 3-2 ਨਾਲ ਹਰਾਇਆ ਸੀ। -ਪੀਟੀਆਈ