ਇਸਲਾਮਾਬਾਦ, 9 ਅਪਰੈਲ
ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਅਹਿਮ ਬੇਭਰੋਸਗੀ ਮਤੇ ‘ਤੇ ਅੱਜ ਸਵੇਰੇ ਪਾਕਿਸਤਾਨ ਦੀ ਸੰਸਦ ਦੀ ਬੈਠਕ ਸ਼ੁਰੂ ਹੋਈ। ਹਾਲਾਂਕਿ ਇਸ ਨੂੰ ਕੁਝ ਸਮੇਂ ਬਾਅਦ ਦੁਪਹਿਰ ਇੱਕ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਕਾਰਵਾਈ ਕਾਫੀ ਦੇਰ ਤੱਕ ਸ਼ੁਰੂ ਨਹੀਂ ਹੋਈ ਪਰ ਹੁਣ ਕਾਰਵਾਈ ਮੁੜ ਸ਼ੁਰੂ ਹੋ ਗਈ। ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਸਪੀਕਰ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਵੋਟਿੰਗ ਰਾਤ 8.30 ਵਜੇ ਹੋਵੇਗੀ। ਪ੍ਰਧਾਨ ਮੰਤਰੀ ਇਮਰਾਨ ਨੂੰ ਹਟਾਉਣ ਲਈ ਵਿਰੋਧੀ ਪਾਰਟੀਆਂ ਨੂੰ 342 ਮੈਂਬਰੀ ਸਦਨ ਵਿੱਚ 172 ਮੈਂਬਰਾਂ ਦੀ ਲੋੜ ਹੈ।ਇਸ ਦੌਰਾਨ ਪਾਕਿਸਤਾਨੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਇਮਰਾਨ ਖ਼ਾਨ ਸਰਕਾਰ ਨੇ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਬਾਰੇ ਡਿਪਟੀ ਸਪੀਕਰ ਦੇ ਫੈਸਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਖ਼ਿਲਾਫ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ।