ਨਵੀਂ ਦਿੱਲੀ: ਸਾਇਨਾ ਨੇਹਵਾਲ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਖਿਤਾਬ ਨੂੰ ਬਚਾਉਣ ਦੀ ਸੰਭਾਵਨਾ ਧੁੰਦਲੀ ਜਾਪ ਰਹੀ ਹੈ ਕਿਉਂਕਿ ਉਸਨੇ ਆਗਾਮੀ ਖੇਡ ਮੁਕਾਬਲਿਆਂ ਦੇ ਚੋਣ ਟਰਾਇਲਾਂ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੇ ਹਾਂਗਜੋ ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਚੋਣ ਟਰਾਇਲ 15 ਤੋਂ 20 ਅਪਰੈਲ ਦਰਮਿਆਨ ਹੋਣਗੇ। ਹਿਸਾਰ ਵਿਚ ਜੰਮੀ 32 ਸਾਲਾ ਸਾਇਨਾ ਨੇਹਵਾਲ ਨੇ ਚੋਣ ਟਰਾਇਲਾਂ ਵਿਚ ਹਿੱਸਾ ਨਾ ਲੈਣ ਬਾਰੇ ਭਾਰਤੀ ਬੈਡਮਿੰਟਨ ਐਸੋੋਸੀਏਸ਼ਨ ਨੂੰ ਜਾਣਕਾਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਸਾਇਨਾ ਦੋ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਚੈਂਪੀਅਨ ਬਣੀ ਸੀ ਤੇ ਉਸ ਨੇ ਲੰਡਨ ਓਲੰਪਿਕ 2012 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। -ਪੀਟੀਆਈ