ਅਹਿਮਦਾਬਾਦ, 12 ਅਪਰੈਲ
ਸੁਪਰੀਮ ਕੋਰਟ ਵੱਲੋਂ 2015 ਦੇ ਦੰਗਿਆਂ ਤੇ ਅੱਗਜ਼ਨੀ ਦੇ ਕੇਸ ਵਿੱਚ ਸਜ਼ਾ ‘ਤੇ ਰੋਕ ਲਾਉਣ ਮਗਰੋਂ ਗੁਜਰਾਤ ਦੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਅੱਜ ਕਿਹਾ ਕਿ ਉਸ ਦਾ ਮਕਸਦ ਸਿਰਫ਼ ਚੋਣਾਂ ਲੜਨਾ ਨਹੀਂ ਬਲਕਿ ਲੋਕਾਂ ਦੀ ਸੇਵਾ ਕਰਨਾ ਵੀ ਹੈ। ਪਟੇਲ ਨੇ ਗੁਜਰਾਤ ਵਿੱਚ 2015 ਵਿੱਚ ਪਾਟੀਦਾਰ ਅੰਦੋਲਨ ਦੀ ਅਗਵਾਈ ਕੀਤੀ ਸੀ, ਜਿਸ ਤਹਿਤ ਓਬੀਸੀ ਸ਼੍ਰੇਣੀ ਲਈ ਰਾਖਵਾਂਕਰਨ ਮੰਗਿਆ ਗਿਆ ਸੀ। ਗੁਜਰਾਤ ਵਿੱਚ ਇਸ ਵਰ੍ਹੇ ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਗੁਜਰਾਤ ਵਿੱਚ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਟੇਲ ਨੇ ਹਿੰਦੀ ‘ਚ ਟਵੀਟ ਕੀਤਾ,’ਮੇਰਾ ਮਕਸਦ ਸਿਰਫ਼ ਚੋਣਾਂ ਲੜਨਾ ਨਹੀਂ ਬਲਕਿ ਪੂਰੀ ਸਮਰੱਥਾ ਨਾਲ ਗੁਜਰਾਤ ਦੇ ਲੋਕਾਂ ਦੀ ਸੇਵਾ ਕਰਨਾ ਵੀ ਹੈ। ਤਿੰਨ ਵਰ੍ਹੇ ਪਹਿਲਾਂ ਮੈਨੂੰ ਇੱਕ ਝੂਠੇ ਕੇਸ ਵਿੱਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਪਰ ਅੱਜ ਸੁਪਰੀਮ ਕੋਰਟ ਨੇ ਇਸ ਫ਼ੈਸਲੇ ‘ਤੇ ਰੋਕ ਲਾ ਦਿੱਤੀ ਹੈ। ਮੈਂ ਤਹਿ ਦਿਲੋਂ ਨਿਆਂਪਾਲਿਕਾ ਦਾ ਸ਼ੁਕਰੀਆ ਅਦਾ ਕਰਦਾ ਹਾਂ।’ ਅੱਜ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਦੰਗਿਆਂ ਤੇ ਅੱਗਜ਼ਨੀ ਦੇ ਇੱਕ ਕੇਸ ਵਿੱਚ ਪਟੇਲ ਦੀ ਸਜ਼ਾ ‘ਤੇ ਰੋਕ ਲਾਉਂਦਿਆਂ ਕਿਹਾ,’ਤੱਥਾਂ ਤੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਸਾਡਾ ਮੰਨਣਾ ਹੈ ਕਿ ਇਹ ਕੇਸ ਹਾਈ ਕੋਰਟ ‘ਚ ਵਿਚਾਰਨਯੋਗ ਹੈ। ਇਸ ਲਈ ਸਜ਼ਾ ‘ਤੇ ਹਾਲ ਦੀ ਘੜੀ ਰੋਕ ਲਾਈ ਜਾਂਦੀ ਹੈ ਜਦੋਂ ਤੱਕ ਕਿ ਤੱਥਾਂ ਮੁਤਾਬਕ ਅਪੀਲਾਂ ਬਾਰੇ ਫ਼ੈਸਲਾ ਨਹੀਂ ਕਰ ਲਿਆ ਜਾਂਦਾ।’ ਸਰਵਉੱਚ ਅਦਾਲਤ ‘ਚ ਹਾਰਦਿਕ ਪਟੇਲ ਵੱਲੋਂ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਾਈ ਅਪੀਲ ‘ਤੇ ਸੁਣਵਾਈ ਕੀਤੀ ਜਾ ਰਹੀ ਸੀ। ਪਟੇਲ ਨੇ ਮਹੇਸਾਨਾ ਸੈਸ਼ਨ ਕੋਰਟ ਵੱਲੋਂ 25 ਜੁਲਾਈ 2018 ਨੂੰ ਪਾਸ ਸਜ਼ਾ ਦੇ ਫ਼ੈਸਲੇ ਰੱਦ ਕਰਨ ਲਈ ਹੁਕਮ ਦੇਣ ਦੀ ਅਪੀਲ ਕੀਤੀ ਸੀ। ਉਸ ਨੇ 29 ਮਾਰਚ 2019 ਦੇ ਹਾਈ ਕੋਰਟ ਦੇ ਫ਼ੈਸਲੇ ਨੂੰ ਵੀ ਚੁਣੌਤੀ ਸੀ। -ਪੀਟੀਆਈ