ਇਸਲਾਮਾਬਾਦ, 13 ਅਪਰੈਲ
ਪਾਕਿਸਤਾਨ ਦੀ ਨਵੀਂ ਸਰਕਾਰ ਨੇ ਜਲਾਵਤਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਦੇ ਪਾਸਪੋਰਟ ਛੇਤੀ ਨਵਿਆਉਣ ਲਈ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਹਦਾਇਤ ਕੀਤੀ ਹੈ। ਜੀਓ ਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਲੰਡਨ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਪੀਐੱਮਐੱਲ-ਐੱਨ ਆਗੂਆਂ ਦੇ ਪਾਸਪੋਰਟ ਨਵਿਆਉਣ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ਨੇ ਸ਼ਰੀਫ਼ ‘ਤੇ ਭ੍ਰਿਸ਼ਟਾਚਾਰ ਦੇ ਕਈ ਕੇਸ ਦਰਜ ਕੀਤੇ ਸਨ। ਲਾਹੌਰ ਹਾਈ ਕੋਰਟ ਵੱਲੋਂ ਇਲਾਜ ਲਈ ਵਿਦੇਸ਼ ਜਾਣ ਦੀ ਚਾਰ ਹਫ਼ਤਿਆਂ ਦੀ ਇਜਾਜ਼ਤ ਮਿਲਣ ਮਗਰੋਂ ਨਵਾਜ਼ ਸ਼ਰੀਫ਼ 2019 ‘ਚ ਲੰਡਨ ਚਲੇ ਗਏ ਸਨ ਅਤੇ ਉਥੋਂ ਪਰਤੇ ਨਹੀਂ ਸਨ। -ਪੀਟੀਆਈ