ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਪਰੈਲ
ਦਿੱਲੀ ਪੁਲੀਸ ਨੇ ਕਿਹਾ ਕਿ 19 ਦਸੰਬਰ ਨੂੰ ਦਿੱਲੀ ਵਿੱਚ ਧਰਮ ਸਭਾ (ਧਾਰਮਿਕ ਅਸੈਂਬਲੀ) ਵਿੱਚ ਬੁਲਾਰਿਆਂ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਕੋਈ ਨਫ਼ਰਤ ਭਰਿਆ ਭਾਸ਼ਨ ਨਹੀਂ ਦਿੱਤਾ। ਦਿੱਲੀ ਪੁਲੀਸ ਨੇ ਆਪਣੇ ਹਲਫ਼ਨਾਮੇ ਵਿੱਚ ਪਟੀਸ਼ਨਰ ਤੋਂ ਪੁਲੀਸ ਕੋਲ ਪਹੁੰਚ ਕੀਤੇ ਬਿਨਾਂ ਸੁਪਰੀਮ ਕੋਰਟ ਜਾਣ ਉਤੇ ਵੀ ਸਵਾਲ ਕੀਤੇ ਹਨ। ਪੁਲੀਸ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਵੀਡੀਓ ਤੇ ਹੋਰ ਸਮੱਗਰੀ ਦੀ ਡੂੰਘਾਈ ਨਾਲ ਜਾਂਚ ਵਿੱਚ ਸਾਹਮਣੇ ਆਇਆ ਕਿ ਕਿਸੇ ਵੀ ਭਾਈਚਾਰੇ ਵਿਰੁੱਧ ਕੋਈ ਨਫ਼ਰਤ ਭਰਿਆ ਭਾਸ਼ਨ ਨਹੀਂ ਦਿੱਤਾ ਗਿਆ ਸੀ। ਅਦਾਲਤ ਪਟਨਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਅੰਜਨਾ ਪ੍ਰਕਾਸ਼ ਤੇ ਪੱਤਰਕਾਰ ਕੁਰਬਾਨ ਅਲੀ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 17 ਅਤੇ 19 ਦਸੰਬਰ 2021 ਦੇ ਵਿਚਕਾਰ ਦਿੱਲੀ ਅਤੇ ਹਰਿਦੁਆਰ ਵਿੱਚ ਦੋ ਵੱਖ-ਵੱਖ ਸਮਾਗਮਾਂ ਵਿੱਚ ਨਫ਼ਰਤ ਭਰੇ ਭਾਸ਼ਨ ਦਿੱਤੇ ਗਏ ਸਨ, ਜਿਸ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਖੁੱਲ੍ਹੇਆਮ ਸੱਦਾ ਦਿੱਤਾ ਗਿਆ ਸੀ।