ਨਵੀ ਮੁੰਬਈ: ਤੇਜ਼ ਗੇਂਦਬਾਜ਼ ਉਮਰਾਨ ਮਲਿਕ ਤੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ਾਂ ਦੀ ਵਧੀਆ ਖੇਡ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਪੰਜਾਬ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐਲ ‘ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਸਨਰਾਈਜ਼ਰ ਸਾਹਮਣੇ 152 ਦੌੜਾਂ ਦਾ ਟੀਚਾ ਸੀ ਜੋ ਉਸ ਨੇ 18.5 ਓਵਰਾਂ ‘ਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਰਾਹੁਲ ਤ੍ਰਿਪਾਠੀ (34 ਦੌੜਾਂ) ਅਤੇ ਅਭਿਸ਼ੇਕ ਸ਼ਰਮਾ (31 ਦੌੜਾਂ) ਨੇ ਦੂਜੀ ਵਿਕਟ ਲਈ 48 ਦੌੜਾਂ ਦੀ ਭਾਈਵਾਲੀ ਕੀਤੀ ਜਦਕਿ ਨਿਕੋਲਸ ਪੂਰਨ (ਨਾਬਾਦ 35) ਤੇ ਐਡਨ ਮਾਰਕਰਾਮ (ਨਾਬਾਦ 41) ਨੇ ਚੌਥੀ ਵਿਕਟ ਲਈ 75 ਦੌੜਾਂ ਜੋੜ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਪੰਜਾਬ ਦੀ ਟੀਮ ਨੇ ਲਿਆਮ ਲਿਵਿੰਗਸਟੋਨ ਦੀ 33 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਦੇ ਬਾਵਜੂਦ ਆਖਰੀ ਚਾਰ ਓਵਰਾਂ ‘ਚ ਸਿਰਫ਼ 19 ਦੌੜਾਂ ਬਣਾਈਆਂ ਅਤੇ ਇਸੇ ਵਿਚਾਲੇ ਛੇ ਵਿਕਟਾਂ ਗੁਆ ਕੇ ਨਿਰਧਾਰਤ 20 ਓਵਰਾਂ ‘ਚ ਸਿਰਫ਼ 151 ਦੌੜਾਂ ‘ਤੇ ਸਾਰੀ ਟੀਮ ਆਊਟ ਹੋ ਗਈ। ਮਲਿਕ ਨੇ ਪੰਜਾਬੀ ਦੀ ਪਾਰੀ ਦੇ ਆਖਰੀ ਓਵਰ ‘ਚ ਕੋਈ ਦੌੜ ਨਹੀਂ ਦਿੱਤੀ। ਇਸੇ ਵਿਚਾਲੇ ਇੱਕ ਰਨ ਆਊਟ ਸਮੇਤ ਚਾਰ ਵਿਕਟਾਂ ਡਿੱਗੀਆਂ। ਹੈਦਰਾਬਾਦ ਵੱਲੋਂ ਮਲਿਕ ਨੇ 4 ਜਦਕਿ ਭੁਵਨੇਸ਼ਵਰ ਨੇ 3 ਵਿਕਟਾਂ ਹਾਸਲ ਕੀਤੀਆਂ। -ਪੀਟੀਆਈ