ਇਸਲਾਮਾਬਾਦ, 18 ਅਪਰੈਲ
ਤੋਸ਼ਾਖਾਨਾ ਵਿਚੋਂ ਤੋਹਫ਼ੇ ਵੇਚਣ ਦੇ ਮਾਮਲੇ ਉਤੇ ਵਿਵਾਦਾਂ ਵਿਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਇਹ ਤੋਹਫ਼ੇ ਉਨ੍ਹਾਂ ਨੂੰ ਮਿਲੇ ਸਨ, ਤੇ ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਇਨ੍ਹਾਂ ਨੂੰ ਉਹ ਰੱਖਣ ਜਾਂ ਨਾ ਰੱਖਣ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਵਿਦੇਸ਼ੀ ਸਰਕਾਰ ਤੋਂ ਮਿਲੇ ਤੋਹਫ਼ਿਆਂ ਨੂੰ ਸਰਕਾਰ ਕੋਲ ਜਮ੍ਹਾ ਕਰਾਇਆ ਜਾਂਦਾ ਹੈ ਜਾਂ ਤੋਸ਼ਾਖਾਨਾ ਵਿਚ ਰੱਖਿਆ ਜਾਂਦਾ ਹੈ। ਜੀਓ ਨਿਊਜ਼ ਨੇ ਇਮਰਾਨ ਦੇ ਹਵਾਲੇ ਨਾਲ ਲਿਖਿਆ, ‘ਮੇਰਾ ਤੋਹਫ਼ਾ, ਮੇਰੀ ਮਰਜ਼ੀ’। ਵਿਰੋਧੀ ਧਿਰਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਇਮਰਾਨ ਨੇ ਕਿਹਾ ਕਿ ਇਹ ਬੇਬੁਨਿਆਦ ਹਨ, ਜੋ ਵੀ ਤੋਸ਼ਾਖਾਨੇ ਵਿਚੋਂ ਖ਼ਰੀਦਿਆ ਗਿਆ ਹੈ, ਉਹ ਰਿਕਾਰਡ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਭ੍ਰਿਸ਼ਟਾਚਾਰ ਦਾ ਸਬੂਤ ਹੈ ਤਾਂ ਉਹ ਅੱਗੇ ਆਵੇ। -ਪੀਟੀਆਈ