ਮੁੰਬਈ, 20 ਅਪਰੈਲ
ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ‘ਤੇ ਮਾਨਸਿਕ ਥਕਾਵਟ ਭਾਰੂ ਹੈ ਅਤੇ ਉਸ ਨੂੰ ਕ੍ਰਿਕਟ ਤੋਂ ਆਰਾਮ ਦੀ ਸਖ਼ਤ ਲੋੜ ਹੈ ਤਾਂ ਜੋ ਉਹ ਅਗਲੇ ਸੱਤ-ਅੱਠ ਸਾਲ ਦੇਸ਼ ਲਈ ਖੇਡ ਸਕੇ। ਕੋਹਲੀ ਫਿਲਹਾਲ ਚੰਗੀ ਫਾਰਮ ‘ਚ ਨਹੀਂ ਹੈ। ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਲਈ ਸੱਤ ਮੈਚਾਂ ਵਿੱਚ ਸਿਰਫ਼ ਦੋ ਵਾਰ 40 ਤੋਂ ਵੱਧ ਦੌੜਾਂ ਬਣਾਈਆਂ ਹਨ। ਦਿੱਲੀ ਦੇ 33 ਸਾਲਾ ਬੱਲੇਬਾਜ਼ ਨੇ ਪਿਛਲੇ 100 ਮੈਚਾਂ ‘ਚ ਸਾਰੇ ਫਾਰਮੈਟਾਂ ‘ਚ ਸੈਂਕੜਾ ਨਹੀਂ ਮਾਰਿਆ। ਉਸ ਨੇ ਭਾਰਤ ਅਤੇ ਆਰਸੀਬੀ ਦੋਵਾਂ ਦੀ ਟੀ-20 ਕਪਤਾਨੀ ਛੱਡ ਦਿੱਤੀ। ਉਸ ਨੇ ਟੈਸਟ ਕਪਤਾਨੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ, ਜਦੋਂ ਕਿ ਉਸ ਨੂੰ ਇਕ ਦਿਨਾਂ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ।