ਵਰਸਾਅ, 20 ਅਪਰੈਲ
ਦੱਖਣੀ ਪੋਲੈਂਡ ਵਿੱਚ ਕੋਲਾ ਖਾਣ ਵਿੱਚ ਹੋਏ ਦੋ ਧਮਾਕਿਆਂ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਸੱਤ ਹੋਰ ਲਾਪਤਾ ਹਨ। ਪੋਲੈਂਡ ਦੇ ਪ੍ਰਧਾਨ ਮੰਤਰੀ ਮੈਤਿਊਜ਼ ਮੋਰਾਵਸਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾ ਧਮਾਕਾ ਪਾਵਲੋਵਾਇਸ ਵਿੱਚ ਨੀਓਵੇਕ ਖਾਣ ਵਿੱਚ ਕਰੀਬ ਇਕ ਹਜ਼ਾਰ ਮੀਟਰ ਹੇਠਾਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਦੇ ਤੁਰਤ ਬਾਅਦ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਪ੍ਰਧਾਨ ਮੰਤਰੀ ਅਨੁਸਾਰ ਪਹਿਲੇ ਧਮਾਕੇ ਦੇ ਤਿੰਨ ਘੰਟਿਆਂ ਬਾਅਦ ਦੂਜਾ ਧਮਾਕਾ ਹੋਇਆ, ਜਿਸ ਮਗਰੋਂ ਬਚਾਅ ਕਾਮਿਆਂ ਨਾਲ ਸੰਪਰਕ ਟੁੱਟ ਗਿਆ। ਅੱਗ ਅਤੇ ਖਤਰਨਾਕ ਹਾਲਾਤ ਕਾਰਨ ਬਚਾਅ ਤੇ ਰਾਹਤ ਕਾਰਜ ਰੋਕਣਾ ਪਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜ਼ਖਮੀਆਂ ਵਿੱਚ ਰਾਹਤ ਕਰਮੀ ਵੀ ਸ਼ਾਮਲ ਹਨ।-ਏਜੰਸੀ