ਬੈਂਕਾਕ, 27 ਅਪਰੈਲ
ਫ਼ੌਜ ਸ਼ਾਸਿਤ ਮਿਆਂਮਾਰ ਦੀ ਕੋਰਟ ਨੇ ਦੇਸ਼ ਦੀ ਸਾਬਕਾ ਆਗੂ ਆਂਗ ਸਾਂ ਸੂ ਕੀ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੂ ਕੀ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਹੋਰ ਵੀ ਕਈ ਕੇਸ ਦਰਜ ਹਨ। ਮਿਆਂਮਾਰ ਦੇ ਫੌਜੀ ਸ਼ਾਸਕਾਂ ਨੇ ਪਿਛਲੇ ਸਾਲ ਸੂ ਕੀ ਨੂੰ ਗੱਦੀਓਂ ਲਾਹੁੰਦਿਆਂ ਸੱਤਾ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਸੀ। ਸੂ ਕੀ ਉੱਤੇ ਸਿਖਰਲੇ ਸਿਆਸੀ ਕੁਲੀਗ ਤੋਂ ਵੱਢੀ ਦੇ ਰੂਪ ਵਿੱਚ ਸੋਨਾ ਤੇ ਲੱਖਾਂ ਡਾਲਰ ਲੈਣ ਦਾ ਦੋਸ਼ ਸੀ, ਜਿਨ੍ਹਾਂ ਤੋਂ ਉਸ ਨੇ ਇਨਕਾਰ ਕੀਤਾ ਸੀ।
ਸੂ ਕੀ ਦੇ ਹਮਾਇਤੀਆਂ ਤੇ ਨਿਰਪੱਖ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ 76 ਸਾਲਾ ਚੁਣੀ ਹੋਈ ਆਗੂ ਨੂੰ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਉਣ ਤੋਂ ਰੋਕਣ ਲਈ ਹੀ ਸਜ਼ਾ ਦਿੱਤੀ ਗਈ ਹੈ। ਸੂ ਕੀ ਪਹਿਲਾਂ ਹੀ ਕੁਝ ਹੋਰ ਕੇਸਾਂ ਵਿੱਚ 6 ਸਾਲ ਕੈਦ ਦੀ ਸਜ਼ਾ ਕੱਟ ਰਹੀ ਹੈ ਤੇ ਉਸ ਖਿਲਾਫ਼ ਭ੍ਰਿਸ਼ਟਾਚਾਰ ਦੇ 10 ਹੋਰ ਕੇਸ ਦਰਜ ਹਨ। ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਵੱਧ ਤੋਂ ਵੱਧ 15 ਸਾਲ ਕੈਦ ਤੇ ਜੁਰਮਾਨੇ ਦੀ ਹੀ ਵਿਵਸਥਾ ਹੈ। ਹੋਰਨਾਂ ਕੇਸਾਂ ਵਿੱਚ ਸਜ਼ਾ ਨਾਲ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਸੂ ਕੀ ਨੂੰ 100 ਸਾਲ ਤੋਂ ਵਧ ਦੀ ਕੈਦ ਹੋ ਸਕਦੀ ਹੈ। ਸੂ ਕੀ ਖਿਲਾਫ਼ ਮਿਆਂਮਾਰ ਦੀ ਰਾਜਧਾਨੀ ਨੇਪੀਤਾਅ ਵਿੱਚ ਚੱਲੇ ਟਰਾਇਲ ਦੀ ਕਾਰਵਾਈ ਤੋਂ ਮੀਡੀਆ, ਕੂਟਨੀਤਕਾਂ ਤੇ ਆਮ ਲੋਕਾਂ ਨੂੰ ਦੂਰ ਰੱਖਿਆ ਗਿਆ। ਇਥੋਂ ਤੱਕ ਕਿ ਸੂ ਕੀ ਦੇ ਵਕੀਲਾਂ ਨੂੰ ਵੀ ਪ੍ਰੈੱਸ ਨਾਲ ਬੋਲਣ ਦੀ ਇਜਾਜ਼ਤ ਨਹੀਂ ਸੀ। -ਪੀਟੀਆਈ