ਮਨੀਲਾ(ਫਿਲਪੀਨਜ਼): ਓਲੰਪਿਕ ਤਗ਼ਮਾ ਜੇਤੂ ਪੀ.ਵੀ.ਸਿੰਧੂ ਤੇ ਸਾਇਨਾ ਨੇਹਵਾਲ ਅਤੇ ਸੱਤਵਾਂ ਦਰਜਾ ਕਿਦਾਂਬੀ ਸ੍ਰੀਕਾਂਤ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਜਿੱਤ ਲਏ। ਲਕਸ਼ੈ ਸੇਨ ਤੇ ਬੀ.ਸਾਈ ਪ੍ਰਨੀਤ ਨੂੰ ਹਾਲਾਂਕਿ ਪਹਿਲੇ ਗੇੜ ਵਿੱਚ ਹੀ ਹਾਰ ਦਾ ਮੂੰਹ ਵੇਖਣਾ ਪਿਆ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਚੀਨੀ ਤਾਇਪੇ ਦੀ ਪਾਈ ਯੂ ਪੋ ਨੂੰ 18-21, 27-25 , 21-9 ਨਾਲ ਮਾਤ ਦਿੱਤੀ। ਇਹ ਮੈਰਾਥਨ ਮੁਕਾਬਲਾ ਇਕ ਘੰਟਾ ਤੇ 17 ਮਿੰਟ ਤੱਕ ਚੱਲਿਆ। ਉਧਰ ਲੰਡਨ ਓਲੰਪਿਕਸ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਨੇ ਸੱਟਾਂ-ਫੇਟਾਂ ਠੀਕ ਹੋਣ ਮਗਰੋਂ ਵਾਪਸੀ ਕਰਦੇ ਹੋਏ ਦੱਖਣੀ ਕੋਰੀਆ ਦੀ ਸਿਮ ਯੁਜਿਨ ਨੂੰ 21-15, 17-21 ਤੇ 21-13 ਨਾਲ ਹਰਾਇਆ। ਸਿੰਧੂ ਦੂਜੇ ਗੇੜ ਵਿੱਚ ਹੁਣ ਸਿੰਗਾਪੁਰ ਦੀ ਯੂ ਯੈਨ ਜੈਸਲਿਨ ਹੂਈ ਨਾਲ ਦੋ ਦੋ ਹੱਥ ਕਰੇਗੀ ਜਦੋਂਕਿ ਸਾਇਨਾ ਦਾ ਮੁਕਾਬਲਾ ਚੀਨ ਦੀ ਸ਼ੀ ਯੀ ਵੈਂਗ ਨਾਲ ਹੋਵੇਗਾ। ਮਹਿਲਾ ਵਰਗ ਦੇ ਹੋਰਨਾਂ ਮੁਕਾਬਲਿਆਂ ਵਿੱਚ ਮਾਲਵਿਕਾ ਬੰਸੋੜ ਸਿੰਗਾਪੁਰ ਦੀ ਯੀਓ ਜੀਆ ਮਿਨ ਕੋਲੋਂ ਇਕ ਸੰਘਰਸ਼ਪੂਰਨ ਮੁਕਾਬਲੇ ਵਿੱਚ 9-21, 21-17, 26-24 ਨਾਲ ਹਾਰ ਗਈ। ਇਸੇ ਦੌਰਾਨ ਲਕਸ਼ੈ ਸੇਨ ਚੀਨ ਦੇ ਖਿਡਾਰੀ ਤੋਂ ਮਾਤ ਖਾ ਗਿਆ। -ਪੀਟੀਆਈ