ਪੇਈਚਿੰਗ, 29 ਅਪਰੈਲ
ਚੀਨ ਨੇ ਕੋਵਿਡ-19 ਮਹਾਮਾਰੀ ਕਰਕੇ ਪੇਈਚਿੰਗ ਵੱਲੋਂ ਲਗਾਈਆਂ ਗਈਆਂ ਵੀਜ਼ਾ ਅਤੇ ਉਡਾਣ ਪਾਬੰਦੀਆਂ ਕਰਕੇ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸੇ ‘ਕੁਝ’ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਮੁਲਕ ਵਿਚ ਦਾਖ਼ਲੇ ਦੀ ਆਗਿਆ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜਿਆਨ ਨੇ ਸੰਖੇਪ ਪੱਤਰਕਾਰ ਮਿਲਣੀ ਦੌਰਾਨ ਕਿਹਾ, “ਚੀਨ ਪੜ੍ਹਾਈ ਲਈ ਉਨ੍ਹਾਂ ਦੇ ਮੁਲਕ ਪਰਤਣ ਬਾਰੇ ਭਾਰਤੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਬਹੁਤ ਮਹੱਤਵ ਦਿੰਦਾ ਹੈ। ਅਸੀਂ ਚੀਨ ਪਰਤਣ ਵਾਲੇ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੀਆਂ ਪ੍ਰਕਿਰਿਆਵਾਂ ਅਤੇ ਅਨੁਭਵ ਭਾਰਤ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ, ”ਅਸਲ ਵਿੱਚ, ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਜਿਹੜੇ ਵਿਦਿਆਰਥੀ ਚੀਨ ਪਰਤਣਾ ਚਾਹੁੰਦੇ ਹਨ, ਉਨ੍ਹਾਂ ਦੀ ਸੂਚੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਹੁਣ ਭਾਰਤ ਦੀ ਹੈ।” ਪੀਟੀਆਈ