ਤਲ ਅਵੀਵ, 2 ਮਈ
ਇਜ਼ਰਾਈਲ ਨੇ ਸੋਮਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਦੀ ਨਾਜ਼ੀਵਾਦ ਸਬੰਧੀ ਅਤੇ ਯਹੂਦੀ ਵਿਰੋਧੀ ਉਸ ਟਿੱਪਣੀ ਦੀ ਨਿਖੇਧੀ ਕੀਤੀ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਅਡੋਲਫ਼ ਹਿਟਲਰ ਯਹੂਦੀ ਸੀ। ਇਜ਼ਰਾਈਲ ਨੇ ਇਸ ਟਿੱਪਣੀ ਨੂੰ ਲੈ ਕੇ ਰੂਸ ਦੇ ਸਫ਼ੀਰ ਨੂੰ ਤਲਬ ਕਰਦਿਆਂ ਕਿਹਾ ਹੈ ਕਿ ਟਿੱਪਣੀ ‘ਚ ਦੋਸ਼ ਲਾਇਆ ਗਿਆ ਹੈ ਕਿ ਯਹੂਦੀ ਆਪਣੇ ਹੀ ਕਤਲੇਆਮ ‘ਚ ਸ਼ਾਮਲ ਸਨ। ਇਹ ਘਟਨਾਕ੍ਰਮ ਅਜਿਹੇ ਸਮੇਂ ਦੋਵੇਂ ਮੁਲਕਾਂ ਵਿਚਕਾਰ ਵਿਗੜਦੇ ਸਬੰਧਾਂ ਦਾ ਸੰਕੇਤ ਹੈ ਜਦੋਂ ਇਜ਼ਰਾਈਲ ਨੇ ਰੂਸ-ਯੂਕਰੇਨ ਜੰਗ ‘ਚ ਖੁਦ ਨੂੰ ਨਿਰਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਕ ਇਤਾਲਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਸੀ ਕਿ ਯੂਕਰੇਨ ‘ਚ ਅਜੇ ਵੀ ਕੁਝ ਨਾਜ਼ੀ ਹੋ ਸਕਦੇ ਹਨ, ਭਾਵੇਂ ਮੁਲਕ ਦੇ ਰਾਸ਼ਟਰਪਤੀ (ਵਲਾਦੀਮੀਰ ਜ਼ੇਲੈਂਸਕੀ) ਸਮੇਤ ਕੁਝ ਲੋਕ ਯਹੂਦੀ ਹੋਣ। ਲਾਵਰੋਵ ਨੇ ਕਿਹਾ ਸੀ,”ਜਦੋਂ ਉਹ ਆਖਦੇ ਹਨ ਕਿ ਜੇਕਰ ਅਸੀਂ ਯਹੂਦੀ ਹਾਂ ਤਾਂ ਨਾਜ਼ੀਕਰਣ ਕਿਵੇਂ ਹੋ ਸਕਦਾ ਹੈ? ਮੇਰੀ ਰਾਏ ‘ਚ ਹਿਟਲਰ ਵੀ ਯਹੂਦੀ ਮੂਲ ਦਾ ਸੀ। ਇਸ ਲਈ ਇਸ ਦਾ ਕੋਈ ਮਤਲਬ ਨਹੀਂ ਹੈ। ਕਈ ਵਾਰ ਅਸੀਂ ਯਹੂਦੀ ਲੋਕਾਂ ਤੋਂ ਸੁਣਿਆ ਹੈ ਕਿ ਯਹੂਦੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਯਹੂਦੀ ਹੀ ਸਨ।” ਇਜ਼ਰਾਈਲ ਦੇ ਵਿਦੇਸ਼ ਮੰਤਰੀ ਯਾਯਰ ਲਾਪਿਡ ਨੇ ਲਾਵਰੋਵ ਦੇ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਭਿਆਨਕ ਇਤਿਹਾਸਕ ਗਲਤੀ ਕਰਾਰ ਦਿੱਤਾ ਹੈ। -ਏਪੀ