ਪੈਰਿਸ, 5 ਮਈ
ਭਾਰਤ ਅਤੇ ਰੂਸ ਨੇ ਅਤਿਵਾਦ ਦੇ ਖ਼ਤਰੇ ਨਾਲ ਸਿੱਝਣ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖਿੱਤੇ ‘ਚ ਚੀਨ ਦੇ ਬਦਲਦੇ ਰੁਖ਼ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਰਲ ਕੇ ਸਾਹਮਣਾ ਕਰਨ ‘ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਵਿਚਕਾਰ ਇਥੇ ਬੁੱਧਵਾਰ ਨੂੰ ਹੋਈ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਮੁਲਕ ਲੋਕਤੰਤਰ, ਬੁਨਿਆਦੀ ਆਜ਼ਾਦੀ, ਕਾਨੂੰਨ ਦੇ ਰਾਜ ਅਤੇ ਮਨੁੱਖੀ ਹੱਕਾਂ ਦੇ ਸਨਮਾਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਲੈ ਕੇ ਵਚਨਬੱਧ ਹਨ। ਬਿਆਨ ‘ਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਹਿੰਦ-ਪ੍ਰਸ਼ਾਂਤ ਖਿੱਤੇ ‘ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਭਾਰਤ ਅਤੇ ਫਰਾਂਸ ਨੇ ਪ੍ਰਮੁੱਖ ਰਣਨੀਤਕ ਭਾਈਵਾਲੀਆਂ ‘ਚੋਂ ਇਕ ‘ਤੇ ਕੰਮ ਕਰਨਾ ਤੈਅ ਕੀਤਾ ਹੈ। ਸਾਂਝੇ ਬਿਆਨ ਮੁਤਾਬਕ ਦੋਵੇਂ ਮੁਲਕ ਇਕ ਆਜ਼ਾਦ, ਮੁਕਤ ਅਤੇ ਕਾਨੂੰਨ ਆਧਾਰਿਤ ਹਿੰਦ-ਪ੍ਰਸ਼ਾਂਤ ਖਿੱਤਾ ਚਾਹੁੰਦੇ ਹਨ ਜੋ ਕੌਮਾਂਤਰੀ ਕਾਨੂੰਨ, ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦੇ ਸਨਮਾਨ, ਨੇਵੀਗੇਸ਼ਨ ਦੀ ਆਜ਼ਾਦੀ ‘ਤੇ ਆਧਾਰਿਤ ਹੋਵੇ ਅਤੇ ਜਬਰੀ ਸ਼ਾਸਨ, ਤਣਾਅ ਅਤੇ ਸੰਘਰਸ਼ ਤੋਂ ਮੁਕਤ ਹੋਵੇ। ਭਾਰਤ ਅਤੇ ਫਰਾਂਸ ਨੇ ਅਸਿੱਧੇ ਤੌਰ ‘ਤੇ ਪਾਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ,”ਭਾਰਤ ਅਤੇ ਫਰਾਂਸ ਲੁਕਵੇਂ ਅਤੇ ਸਰਹੱਦ ਪਾਰੋਂ ਅਤਿਵਾਦ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਸਖ਼ਤ ਨਿਖੇਧੀ ਕਰਦੇ ਹਨ।” ਦੋਵੇਂ ਧਿਰਾਂ ਨੇ ਇਸ ਸਾਲ ਭਾਰਤ ਵੱਲੋਂ ਕਰਵਾਈ ਜਾਣ ਵਾਲੀ ‘ਨੋ ਮਨੀ ਫਾਰ ਟੈਰਰ’ ਕੌਮਾਂਤਰੀ ਕਾਨਫਰੰਸ ਦੇ ਤੀਜੇ ਸੰਸਕਰਣ ਲਈ ਤਾਲਮੇਲ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਅਤੇ ਮੈਕਰੌਂ ਨੇ ਰੱਖਿਆ, ਪੁਲਾੜ, ਆਰਥਿਕਤਾ, ਪਰਮਾਣੂ ਅਤੇ ਲੋਕਾਂ ਦੇ ਆਪਸੀ ਰਿਸ਼ਤਿਆਂ ਸਮੇਤ ਦੁਵੱਲੇ ਮਸਲਿਆਂ ਬਾਰੇ ਚਰਚਾ ਕੀਤੀ। ਮੋਦੀ ਅਤੇ ਮੈਕਰੌਂ ਵਿਚਕਾਰ ਮੀਟਿੰਗ ਦੀ ਤਸਵੀਰ ਟਵੀਟ ਕਰਦਿਆਂ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਆਗੂਆਂ ਨੇ ਭੋਜਨ ਸੁਰੱਖਿਆ ਅਤੇ ਫਾਰਮ ਪਹਿਲ ਸਮੇਤ ਹੋਰ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ।
‘ਆਤਮ-ਨਿਰਭਰ ਭਾਰਤ’ ਮੁਹਿੰਮ ‘ਚ ਫਰਾਂਸ ਦੀਆਂ ਰੱਖਿਆ ਕੰਪਨੀਆਂ ਦੇਣਗੀਆਂ ਸਹਿਯੋਗ: ਭਾਰਤ ਅਤੇ ਫਰਾਂਸ ਨੇ ਰੱਖਿਆ ਤਕਨਾਲੋਜੀ, ਮੈਨੂਫੈਕਚਰਿੰਗ ਅਤੇ ਬਰਾਮਦ ‘ਚ ‘ਆਤਮ-ਨਿਰਭਰ ਭਾਰਤ’ ਮੁਹਿੰਮ ਦੀਆਂ ਕੋਸ਼ਿਸ਼ਾਂ ‘ਚ ਫਰਾਂਸੀਸੀ ਕੰਪਨੀਆਂ ਦੀ ਸ਼ਮੂਲੀਅਤ ਦੇ ਰਾਹ ਲੱਭਣ ‘ਤੇ ਸਹਿਮਤੀ ਜਤਾਈ ਹੈ। ਦੋਵੇਂ ਧਿਰਾਂ ਨੇ ਰੱਖਿਆ ਖੇਤਰਾਂ ‘ਚ ਚੱਲ ਰਹੇ ਸਹਿਯੋਗ ਦਾ ਸਵਾਗਤ ਕੀਤਾ ਹੈ।
ਫਰਾਂਸ 20 ਹਜ਼ਾਰ ਭਾਰਤੀਆਂ ਨੂੰ 2025 ਤੱਕ ਪੜ੍ਹਾਈ ਲਈ ਦੇਵੇਗਾ ਵੀਜ਼ੇ: ਫਰਾਂਸ 20 ਹਜ਼ਾਰ ਭਾਰਤੀਆਂ ਨੂੰ 2025 ਤੱਕ ਪੜ੍ਹਾਈ ਲਈ ਵੀਜ਼ੇ ਦੇਵੇਗਾ ਜਿਸ ਨਾਲ ਦੋਵੇਂ ਮੁਲਕਾਂ ਵਿਚਕਾਰ ਕਾਰੋਬਾਰ, ਸਟਾਰਟ-ਅੱਪਸ ਅਤੇ ਕਾਢਾਂ ਦੇ ਖੇਤਰ ‘ਚ ਨਵੇਂ ਮੌਕੇ ਪੈਦਾ ਹੋਣਗੇ। ਮੋਦੀ ਅਤੇ ਮੈਕਰੌਂ ਨੇ ਵਿਦਿਆਰਥੀਆਂ, ਮਾਹਿਰਾਂ ਅਤੇ ਹੁਨਰਮੰਦ ਕਾਮਿਆਂ ਦੀ ਗਤੀਸ਼ੀਲਤਾ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਸਾਲ 2019 ‘ਚ 10 ਹਜ਼ਾਰ ਭਾਰਤੀ ਵਿਦਿਆਰਥੀ ਉਚੇਰੀ ਸਿੱਖਿਆ ਲਈ ਫਰਾਂਸ ਗਏ ਸਨ।
ਫਰਾਂਸ ਵੱਲੋਂ ਸਲਾਮਤੀ ਪਰਿਸ਼ਦ ਅਤੇ ਐੱਨਸੀਜੀ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਵਕਾਲਤ: ਫਰਾਂਸ ਨੇ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਅਤੇ ਪਰਮਾਣੂ ਸਪਲਾਇਰਜ਼ ਗਰੁੱਪ ‘ਚ ਸਥਾਈ ਮੈਂਬਰਸ਼ਿਪ ਲਈ ਦਿੱਤੀ ਅਰਜ਼ੀ ਦੀ ਹਮਾਇਤ ਕੀਤੀ ਹੈ। ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਭਾਰਤ ਅਤੇ ਫਰਾਂਸ ਜੀ-20 ਦੀ ਰੂਪ-ਰੇਖਾ ‘ਚ ਤਾਲਮੇਲ ਬਣਾਉਣ ਲਈ ਸਹਿਮਤ ਹੋ ਗਏ ਹਨ। -ਪੀਟੀਆਈ