ਲਵੀਵ, 5 ਮਈ
ਯੂਕਰੇਨੀ ਫ਼ੌਜ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੱਖਣ ਦੇ ਕੁਝ ਇਲਾਕਿਆਂ ‘ਤੇ ਮੁੜ ਕਬਜ਼ਾ ਕਰ ਲਿਆ ਹੈ , ਜਦਕਿ ਪੂਰਬ ‘ਚ ਰੂਸੀ ਹਮਲੇ ਨੂੰ ਠੱਲ੍ਹ ਦਿੱਤਾ ਗਿਆ ਹੈ। ਮਾਰੀਓਪੋਲ ਦੇ ਸਟੀਲ ਪਲਾਂਟ ‘ਚ ਜੰਗ ਤੇਜ਼ ਹੋ ਗਈ ਹੈ, ਜਿਥੇ ਸੁਰੰਗਾਂ ਅਤੇ ਬੰਕਰਾਂ ‘ਚ ਯੂਕਰੇਨੀ ਫ਼ੌਜੀ ਫਸੇ ਹੋਏ ਹਨ। ਉਧਰ ਰੂਸੀ ਸਰਕਾਰ ਨੇ ਮਾਰੀਓਪੋਲ ਸਟੀਲ ਪਲਾਂਟ ‘ਚ ਫਸੇ ਲੋਕਾਂ ਨੂੰ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਕੁਝ ਘੰਟਿਆਂ ਲਈ ਲਾਂਘਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫੌਰੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਕਿਉਂਕਿ ਰੂਸ ਵੱਲੋਂ ਦਿੱਤੇ ਗਏ ਪਹਿਲਾਂ ਦੇ ਭਰੋਸੇ ਵੀ ਪੂਰੇ ਨਹੀਂ ਹੋਏ ਹਨ ਅਤੇ ਯੂਕਰੇਨ ਦੋਸ਼ ਲਾਉਂਦਾ ਰਿਹਾ ਹੈ ਕਿ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਜੰਗ ਲੱਗਣ ਦੇ 10 ਹਫ਼ਤੇ ਪੂਰੇ ਹੋਣ ਮਗਰੋਂ ਯੂਕਰੇਨੀ ਅਤੇ ਰੂਸੀ ਫ਼ੌਜੀਆਂ ਵਿਚਕਾਰ ਪਿੰਡ ਪੱਧਰ ‘ਤੇ ਗਹਿਗੱਚ ਲੜਾਈ ਹੋ ਰਹੀ ਹੈ, ਜਦਕਿ ਮਾਸਕੋ ਨੂੰ ਪੂਰਬੀ ਸਨਅਤੀ ਇਲਾਕੇ ਡੋਨਬਾਸ ‘ਚ ਆਪਣਾ ਸਿੱਕਾ ਜਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਡੋਨਬਾਸ ‘ਚ ਭਾਰੀ ਗੋਲਾਬਾਰੀ ਦੇ ਨਾਲ ਨਾਲ ਰੂਸੀ ਫ਼ੌਜ ਵੱਲੋਂ ਰੇਲ ਰੋਡ ਸਟੇਸ਼ਨਾਂ ਅਤੇ ਹੋਰ ਸਪਲਾਈ ਲਾਈਨਾਂ ‘ਤੇ ਬੰਬਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਯੂਕਰੇਨੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਖੇਰਸਨ ਅਤੇ ਮਾਈਕੋਲੇਵ ਦੇ ਸਰਹੱਦੀ ਇਲਾਕਿਆਂ ‘ਚ ਮੁੜ ਕਬਜ਼ੇ ਕਰ ਲਏ ਹਨ ਜਦਕਿ ਦੋਨੇਤਸਕ ਅਤੇ ਲੁਹਾਂਸਕ ਖ਼ਿੱਤਿਆਂ ‘ਚ 11 ਰੂਸੀ ਹਮਲਿਆਂ ਨੂੰ ਠਲ੍ਹਿਆ ਹੈ। ਬੀਤੇ 24 ਘੰਟਿਆਂ ‘ਚ ਡੋਨਬਾਸ ਦੇ ਸ਼ਹਿਰਾਂ ‘ਚ ਗੋਲਾਬਾਰੀ ਕਾਰਨ 25 ਵਿਅਕਤੀ ਜ਼ਖ਼ਮੀ ਹੋਏ ਹਨ। ਰੂਸ ਵੱਲੋਂ ਰਾਜਧਾਨੀ ਕੀਵ ਨੇੜੇ ਮੱਧ ਯੂਕਰੇਨ ਦੇ ਚੇਰਕੇਜ਼ੀ ਅਤੇ ਦਨਿਪਰੋ ਤੇ ਦੱਖਣ-ਪੂਰਬ ਦੇ ਜ਼ਪੋਰੀਜ਼ਜ਼ੀਆ ‘ਚ ਹਮਲੇ ਕੀਤੇ ਗਏ ਹਨ।
ਉਧਰ ਬੇਲਾਰੂਸ ਨੇ ਫ਼ੌਜੀ ਮਸ਼ਕਾਂ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਬੇਲਾਰੂਸ ਜੰਗ ‘ਚ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਏਪੀ
ਰੂਸੀ ਹਮਲੇ ਵਿੱਚ 600 ਯੂਕਰੇਨੀ ਫ਼ੌਜੀ ਹਲਾਕ
ਮਾਸਕੋ: ਰੂਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਤੋਪਖਾਨੇ ਵੱਲੋਂ ਕੀਤੇ ਗਏ ਹਮਲੇ ਦੌਰਾਨ 600 ਤੋਂ ਵਧ ਯੂਕਰੇਨੀ ਲੜਾਕੇ ਮਾਰੇ ਗਏ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਫੈਡਰੇਸ਼ਨ ਦੀਆਂ ਫ਼ੌਜਾਂ ਵੱਲੋਂ ਯੂਕਰੇਨ ‘ਚ ਵਿਸ਼ੇਸ਼ ਕਾਰਵਾਈ ਜਾਰੀ ਹੈ ਅਤੇ 600 ਤੋਂ ਜ਼ਿਆਦਾ ਨੈਸ਼ਨਲਿਸਟ ਅਤੇ ਹਥਿਆਰਾਂ ਤੇ ਫ਼ੌਜੀ ਸਾਜ਼ੋ-ਸਾਮਾਨ ਦੀਆਂ 61 ਇਕਾਈਆਂ ਨਸ਼ਟ ਕੀਤੀਆਂ ਹਨ। ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਨੇ ਯੂਕਰੇਨ ਦੇ ਕਿਰੋਵੋਹਰਾਡ ਦੇ ਕਾਨਾਤੋਵੋ ਹਵਾਈ ਖੇਤਰ ‘ਚ ਹਵਾਬਾਜ਼ੀ ਸਾਜ਼ੋ-ਸਾਮਾਨ ਨਸ਼ਟ ਕੀਤਾ ਹੈ। ਇਸੇ ਤਰ੍ਹਾਂ ਮਾਈਕੋਲੇਵ ‘ਚ ਵੱਡੇ ਗੋਲੀ-ਸਿੱਕਾ ਡਿਪੂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ। -ਰਾਈਟਰਜ਼
ਅਫ਼ਰੀਕਾ ਅਤੇ ਹੋਰ ਮੁਲਕਾਂ ਦੀ ਮਦਦ ‘ਚ ਕਟੌਤੀ ਨਾ ਕੀਤੀ ਜਾਵੇ: ਗੁਟੇਰੇਜ਼
ਅਬੂਜਾ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਸੰਕਟ ਦਰਮਿਆਨ ਅਫ਼ਰੀਕਾ ਅਤੇ ਹੋਰ ਮੁਲਕਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਜਾਰੀ ਰੱਖਣ। ਪੱਛਮੀ ਅਫ਼ਰੀਕਾ ਦੇ ਤਿੰਨ ਮੁਲਕਾਂ ਦਾ ਦੌਰਾ ਖ਼ਤਮ ਕਰਨ ‘ਤੇ ਨਾਇਜੀਰੀਆ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਦਾਨੀਆਂ ਨੂੰ ਆਲਮੀ ਸਹਾਇਤਾ ਹੋਰ ਵਧਾਉਣੀ ਚਾਹੀਦੀ ਹੈ। ਗੁਟੇਰੇਜ਼ ਨੇ ਕਿਹਾ ਕਿ ਮੁਲਕ ਯੂਕਰੇਨ ਸੰਕਟ ‘ਚ ਭਾਵੇਂ ਸਹਿਯੋਗ ਦੇਣ ਪਰ ਉਹ ਹੋਰ ਮੁਲਕਾਂ ਨੂੰ ਜਾਰੀ ਸਹਾਇਤਾ ‘ਚ ਕਟੌਤੀ ਨਾ ਕਰਨ। -ਏਪੀ