ਬੈਂਕਾਕ: ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਜਰਮਨੀ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਥੌਮਸ ਕੱਪ ਵਿੱਚ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਲਕਸ਼ੈ ਸੇਨ ਨੇ ਮੈਕਸ ਵੀਜ਼ਸਕਿਰਚੇਨ ਨੂੰ 21-16, 21-13 ਨਾਲ ਹਰਾ ਕੇ ਭਾਰਤੀਆਂ ਲਈ ਸ਼ਾਨਦਾਰ ਨੀਂਹ ਰੱਖੀ। ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਡਬਲਜ਼ ਜੋੜੀ ਨੇ ਜੋਨਸ ਰਾਲਫ਼ੀ ਯਾਨਸੇਨ ਅਤੇ ਮਾਰਵਿਨ ਸੀਡਲ ਖ਼ਿਲਾਫ਼ ਲਗਪਗ ਇੱਕ ਘੰਟੇ ਤੱਕ ਚੱਲੇ ਮੈਚ ਵਿੱਚ 21-15, 10-21, 21-13 ਨਾਲ ਜਿੱਤ ਦਰਜ ਕੀਤੀ। ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਕੇਈ ਸ਼ੈਫਰ ‘ਤੇ 18-21, 21-9, 21-1118-21, 21-9, 21-11 ਨਾਲ ਜਿੱਤ ਦਰਜ ਕਰ ਕੇ ਭਾਰਤ ਨੂੰ ਗਰੁੱਪ ‘ਸੀ’ ਦੇ ਇਸ ਮੁਕਾਬਲੇ ਵਿੱਚ 3-0 ਦੀ ਲੀਡ ਦਿਵਾਈ। ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਨੇ ਬਯਾਰਨ ਗੀਸ ਅਤੇ ਜਾਨ ਕੌਲਿਨ ਵੋਲਕਰ ਨੂੰ ਪੁਰਸ਼ ਡਬਲਜ਼ ਵਿੱਚ 25-23, 21-15 ਨਾਲ ਹਰਾਇਆ, ਜਦਕਿ ਐੱਚਐੱਸ ਪ੍ਰਣਯ ਨੇ ਮੈਥਿਆਸ ਕਿਕਲਿਟਜ਼ ਨੂੰ 21-9, 21-9 ਨਾਲ ਸ਼ਿਕਸਤ ਦਿੱਤੀ। ਭਾਰਤ ਹੁਣ ਤੱਕ ਕਦੇ ਥੌਮਸ ਕੱਪ ਦੇ ਸੈਮੀਫਾਈਨਲ ਵਿੱਚ ਨਹੀਂ ਪਹੁੰਚ ਸਕਿਆ। ਭਾਰਤੀ ਮਹਿਲਾ ਟੀਮ ਊਬਰ ਕੱਪ ਦੇ ਗਰੁੱਡ ‘ਡੀ’ ਵਿੱਚ ਕੈਨੇਡਾ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ। -ਪੀਟੀਆਈ