ਨਵੀਂ ਦਿੱਲੀ: ਹਾਕੀ ਇੰਡੀਆ ਨੇ ਏਸ਼ੀਆ ਕੱਪ ਲਈ ਅੱਜ ਟੀਮ ਐਲਾਨ ਦਿੱਤੀ ਹੈ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 23 ਮਈ ਤੋਂ ਪਹਿਲੀ ਜੂਨ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਮਾਹਿਰ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੂੰ ਸੌਂਪੀ ਗਈ ਹੈ। ਬਰਿੰਦਰ ਲਾਕੜਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਏਸ਼ੀਆ ਕੱਪ ਜੇਤੂ ਟੀਮ ਨੂੰ ਸਿੱਧੇ ਵਿਸ਼ਵ ਕੱਪ ਵਿੱਚ ਦਾਖ਼ਲਾ ਮਿਲ ਜਾਵੇਗਾ। ਸੀਨੀਅਰ ਭਾਰਤੀ ਖਿਡਾਰੀ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਪੀਆਰ ਸ੍ਰੀਜੇਸ਼ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਰੁਪਿੰਦਰਪਾਲ ਅਤੇ ਲਾਕੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਮਗਰੋਂ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਦੋਵੇਂ ਟੀਮ ਦੀ ਚੋਣ ਸਮੇਂ ਹਾਜ਼ਰ ਸਨ। ਸਾਬਕਾ ਕਪਤਾਨ ਅਤੇ ਦੋ ਵਾਰ ਦੇ ਓਲੰਪੀਅਨ ਸਰਦਾਰ ਸਿੰਘ ਦਾ ਕੋਚ ਵਜੋਂ ਇਹ ਪਹਿਲਾ ਟੂਰਨਾਮੈਂਟ ਹੈ। ਭਾਰਤ ਨੂੰ ਗਰੁੱਪ ਗੇੜ ਵਿੱਚ ਜਾਪਾਨ, ਪਾਕਿਸਤਾਨ ਅਤੇ ਮੇਜ਼ਬਾਨ ਇੰਡੋਨੇਸ਼ੀਆ ਨਾਲ ਪੂਲ ‘ਏ’ ਵਿੱਚ ਰੱਖਿਆ ਗਿਆ ਹੈ, ਜਦੋਂਕਿ ਮਲੇਸ਼ੀਆ, ਕੋਰੀਆ, ਓਮਾਨ ਅਤੇ ਬੰਗਲਾਦੇਸ਼ ਪੂਲ ‘ਬੀ’ ਵਿੱਚ ਹਨ। ਜੂਨੀਅਰ ਵਿਸ਼ਵ ਕੱਪ ਵਿੱਚ ਖੇਡ ਚੁੱਕੇ ਯਸ਼ਦੀਪ ਸਿਵਾਚ, ਅਭਿਸ਼ੇਕ ਲਾਕੜਾ, ਮਨਜੀਤ, ਵਿਸ਼ਨੂਕਾਂਤ ਸਿੰਘ ਅਤੇ ਉਤਮ ਸਿੰਘ ਸਣੇ ਲਗਪਗ ਦਸ ਖਿਡਾਰੀ ਪਹਿਲੀ ਵਾਰ ਸੀਨੀਅਰ ਟੀਮ ਵਿੱਚ ਖੇਡ ਰਹੇ ਹਨ। -ਪੀਟੀਆਈ